ਵਾਸ਼ਿੰਗਟਨ – ਅਮਰੀਕੀ ਸੰਸਦ ਨੇ ‘ਮਲਾਲਾ ਯੁਸੂਫਜ਼ਈ ਸਕਾਲਰਸ਼ਿਪ ਬਿੱਲ’ ਪਾਸ ਕੀਤਾ ਹੈ। ਇਸ ਦੇ ਤਹਿਤ ਇਕ ਯੋਗਤਾ ਅਤੇ ਲੋੜ ਆਧਾਰਿਤ ਪ੍ਰੋਗਰਾਮ ਦੇ ਤਹਿਤ ਪਾਕਿਸਤਾਨੀ ਔਰਤਾਂ ਨੂੰ ਉੱਚ ਸਿੱਖਿਆ ਮੁਹੱਈਆ ਕਰਾਉਣ ਲਈ ਦਿੱਤੀਆਂ ਜਾ ਰਹੀਆਂ ਸਕਾਲਰਸ਼ਿਪਾਂ ਦੀ ਗਿਣਤੀ ਵਧੇਗੀ। ਇਸ ਬਿੱਲ ਨੂੰ ਮਾਰਚ 2020 ਵਿਚ ਪ੍ਰਤੀਨਿਧੀ ਸਭਾ ਨੇ ਪਾਸ ਕੀਤਾ ਸੀ, ਜਿਸ ਨੂੰ ਅਮਰੀਕੀ ਸੈਨੇਟ ਨੇ 1 ਜਨਵਰੀ ਨੂੰ ਧੁਨੀਮਤ ਨਾਲ ਪਾਸ ਕੀਤਾ। ਇਹ ਬਿੱਲ ਹੁਣ ਵ੍ਹਾਈਟ ਹਾਊਸ ਭੇਜਿਆ ਗਿਆ ਹੈ, ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖ਼ਤ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ।ਇਸ ਬਿੱਲ ਦੇ ਤਹਿਤ ਯੂ.ਐਸ. ਏਜੰਸੀ ਫੌਰ ਇੰਟਰਨੈਸ਼ਨਲ ਡਿਵੈਲਪਮੈਂਟ ਪਾਕਿਸਤਾਨੀ ਔਰਤਾਂ ਨੂੰ 2020 ਤੋਂ 2022 ਤੱਕ ਇਕ ਪਾਕਿਸਤਾਨ ਸੰਬੰਧੀ ਉੱਚ ਸਿੱਖਿਆ ਸਕਾਲਰਸ਼ਿਪ ਪ੍ਰੋਗਰਾਮ ਦੇ ਤਹਿਤ ਘੱਟੋ-ਘੱਟ 50 ਫੀਸਦੀ ਸਕਾਲਰਸ਼ਿਪਾਂ ਮੁਹੱਈਆ ਕਰਾਏਗੀ। ਬਿੱਲ ਵਿਚ ਕਿਹਾ ਗਿਆ ਹੈ ਕਿ ਯੂ.ਐਸ.ਏ.ਆਈ.ਡੀ. ਪਾਕਿਸਤਾਨ ਵਿਚ ਸਿੱਖਿਆ ਪ੍ਰੋਗਰਾਮਾਂ ਦੀ ਪਹੁੰਚ ਵਧਾਉਣ ਅਤੇ ਇਹਨਾਂ ਵਿਚ ਸੁਧਾਰ ਦੇ ਲਈ ਅਮਰੀਕਾ ਵਿਚ ਪਾਕਿਸਤਾਨੀ ਭਾਈਚਾਰੇ ਅਤੇ ਪਾਕਿਸਤਾਨੀ ਨਿੱਜੀ ਖੇਤਰ ਤੇ ਵਿਚਾਰ ਵਟਾਂਦਰਾ ਕਰੇਗਾ ਅਤੇ ਉਹਨਾਂ ਤੋਂ ਨਿਵੇਸ਼ ਪ੍ਰਾਪਤ ਕਰੇਗਾ। ਇਸ ਵਿਚ ਕਿਹਾ ਗਿਆ ਹੈ ਕਿ ਯੂ.ਐਸ.ਏ.ਆਈ.ਡੀ. ਸੰਸਦ ਨੂੰ ਸਲਾਨਾ ਆਧਾਰ ਤੇ ਜਾਣਕਾਰੀ ਦੇਵੇਗਾ ਕਿ ਪ੍ਰੋਗਰਾਮ ਦੇ ਤਹਿਤ ਕਿੰਨੀਆਂ ਸਕਾਲਰਸ਼ਿਪਾਂ ਵੰਡੀਆਂ ਗਈਆਂ।ਮਲਾਲਾ ਨੂੰ ਭਾਰਤੀ ਬਾਲ ਅਧਿਕਾਰ ਕਾਰਕੁਨ ਕੈਲਾਸ਼ ਸਤਿਆਰਥੀ ਦੇ ਨਾਲ 10 ਅਕਤੂਬਰ, 2014 ਵਿਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਮਲਾਲਾ ਨੂੰ ਅਕਤੂਬਰ 2012 ਵਿਚ ਪਾਕਿਸਤਾਨੀ ਤਾਲਿਬਾਨ ਦੇ ਅੱਤਵਾਦੀਆਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਸੀ ਜਦੋਂ ਉਹ ਸਕੂਲ ਤੋਂ ਘਰ ਜਾ ਰਹੀ ਸੀ। ਮਲਾਲਾ ਪਾਕਿਸਤਾਨੀ ਤਾਲਿਬਾਨੀ ਦੇ ਵਿਰੋਧ ਦੇ ਬਾਵਜੂਦ 2008 ਤੋਂ ਔਰਤਾਂ ਅਤੇ ਕੁੜੀਆਂ ਤੱਕ ਸਿੱਖਿਆ ਦੀ ਪਹੁੰਚ ਵਧਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਯੂ.ਐਸ.ਏ.ਆਈ.ਡੀ. ਨੇ 2010 ਦੇ ਬਾਅਦ ਤੋਂ ਪਾਕਿਸਤਾਨ ਵਿਚ ਔਰਤਾਂ ਨੂੰ ਉਚ ਸਿੱਖਿਆ ਹਾਸਲ ਕਰਨ ਵਿਚ ਮਦਦ ਕਰਨ ਲਈ 6 ਹਜ਼ਾਰ ਤੋਂ ਵੱਧ ਸਕਾਲਰਸ਼ਿਪਾਂ ਦਿੱਤੀਆਂ ਹਨ। ਇਹ ਬਿੱਲ ਇਸ ਪ੍ਰੋਗਰਾਮ ਨੂੰ ਵਿਸਥਾਰ ਦਿੰਦਾ ਹੈ।