ਕੈਲੀਫੋਰਨੀਆ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਜਰਮਨੀ ਵਿੱਚ ਅਮਰੀਕੀ ਅੰਬੈਸਡਰ (ਰਾਜਦੂਤ) ਦੀ ਨਿਯੁਕਤੀ ਲਈ ਇੱਕ ਮਹਿਲਾ ਅਧਿਕਾਰੀ ਨੂੰ ਨਾਮਜਦ ਕੀਤਾ ਹੈ। ਵ੍ਹਾਈਟ ਹਾਊਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਜੋਅ ਬਾਈਡੇਨ ਨੇ ਬਰਲਿਨ ਵਿੱਚ ਇਸ ਚੋਟੀ ਦੇ ਪਦ ਲਈ ਐਮੀ ਗੁਟਮਨ ਨੂੰ ਨਾਮਜ਼ਦ ਕੀਤਾ ਹੈ। ਇਸਦੇ ਇਲਾਵਾ ਰਾਸ਼ਟਰਪਤੀ ਨੇ ਵਰਜੀਨੀਆ ਪਾਲਮਰ ਨੂੰ ਘਾਨਾ ਲਈ, ਜੇਫਰੀ ਹੋਵਨੀਅਰ ਨੂੰ ਕੋਸੋਵੋ ਰਾਜਦੂਤ ਲਈ ਅਤੇ ਚੈਂਟਲ ਵੋਂਗ ਨੂੰ ਏਸ਼ੀਅਨ ਵਿਕਾਸ ਬੈਂਕ ਦੇ ਯੂ ਐੱਸ ਡਾਇਰੈਕਟਰ ਵਜੋਂ ਨਾਮਜ਼ਦ ਕੀਤਾ ਹੈ। ਬਾਈਡੇਨ ਦੁਆਰਾ ਜਰਮਨੀ ਜੋ ਇੱਕ ਜੀ-7 ਦੇਸ਼ ਹੈ ਦੇ ਅੰਬੈਸਡਰ ਲਈ ਗੁਟਮਨ ਨੂੰ ਨਾਮਜ਼ਦ ਕੀਤਾ ਗਿਆ । ਜੇਕਰ ਸੈਨੇਟ ਦੁਆਰਾ ਗੁਟਮਨ ਦੀ ਪੁਸ਼ਟੀ ਕੀਤੀ ਜਾਂਦੀ ਹੈ ਤਾਂ ਉਹ ਤਕਰੀਬਨ ਇੱਕ ਸਾਲ ਤੋਂ ਖਾਲੀ ਪਏ ਇਸ ਅਹੁਦੇ ਦੀ ਕਮਾਂਡ ਸੰਭਾਲੇਗੀ।ਗੁਟਮਨ, ਇਸ ਸਮੇਂ ਪੈਨਸਿਲਵੇਨੀਆ ਯੂਨੀਵਰਸਿਟੀ ਦੀ ਪ੍ਰੈਜੀਡੈਂਟ ਹੈ। ਪੁਸ਼ਟੀ ਉਪਰੰਤ ਉਹ ਜਰਮਨੀ ਵਿੱਚ ਅਮਰੀਕੀ ਰਾਜਦੂਤ ਵਜੋਂ ਸੇਵਾ ਕਰਨ ਵਾਲੀ ਪਹਿਲੀ ਔਰਤ ਹੋਵੇਗੀ। ਪਾਲਮਰ, ਜੋ ਬਾਈਡੇਨ ਦੀ ਘਾਨਾ ਵਿੱਚ ਰਾਜਦੂਤ ਲਈ ਚੋਣ ਹੈ, ਇਸ ਸਮੇਂ ਸਟੇਟ ਵਿਭਾਗ ਦੇ ਐਨਰਜੀ ਰਿਸੋਰਸ ਬਿਊਰੋ ਵਿੱਚ ਅਸਿਸਟੈਂਟ ਸੈਕਟਰੀ ਹੈ ਅਤੇ ਹੋਵਨੀਅਰ,ਜੋ ਕਿ ਕੋਸੋਵੋ ਵਿੱਚ ਡਿਪਲੋਮੈਟ ਲਈ ਚੁਣੇ ਗਏ ਹਨ, ਤੁਰਕੀ ਦੇ ਅੰਕਾਰਾ ਵਿੱਚ ਅਮਰੀਕੀ ਅੰਬੈਸੀ ਵਿੱਚ ਮਿਸ਼ਨ ਦਾ ਡਿਪਟੀ ਚੀਫ਼ ਹੈ। ਇਸਦੇ ਇਲਾਵਾ ਬਾਈਡੇਨ ਦੁਆਰਾ ਲਾਸ ਏਂਜਲਸ ਦੇ ਮੇਅਰ ਐਰਿਕ ਗਰੇਸਟੀ ਨੂੰ ਭਾਰਤ ਵਿੱਚ ਰਾਜਦੂਤ ਨਿਯੁਕਤ ਕਰਨ ਦੀ ਉਮੀਦ ਹੈ।