ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਝੂਠ ਕਾਰਨ 12 ਸੂਬਿਆਂ ਵਿੱਚ ਆਕਸੀਜਨ ਦੀ ਸਪਲਾਈ ਪ੍ਰਭਾਵਿਤ ਹੋਈ ਅਤੇ ਜੇਕਰ ਇਨ੍ਹਾਂ ਸੂਬਿਆਂ ਨੂੰ ਆਕਸੀਜਨ ਮਿਲ ਜਾਂਦੀ ਤਾਂ ਬਹੁਤ ਸਾਰੇ ਲੋਕਾਂ ਦੀ ਜਾਨ ਬਚ ਸਕਦੀ ਸੀ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸ਼੍ਰੀ ਕੇਜਰੀਵਾਲ ਨੇ ਆਕਸੀਜਨ ਨੂੰ ਲੈ ਕੇ ਰਾਜਨੀਤੀ ਕਰ ਕੇ ਅਪਰਾਧ ਕੀਤਾ ਹੈ ਇਸ ਅਪਰਾਧਕ ਲਾਪਰਵਾਹੀ ਲਈ ਉਨ੍ਹਾਂ ਨੂੰ ਸੁਪਰੀਮ ਕੋਰਟ ਵਿੱਚ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ੇਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਕਸੀਜਨ ਦੀ ਜ਼ਰੂਰਤ ਦੀ ਗਣਨਾ ਕੀਤੀ ਸੀ ਪਰ ਜਦੋਂ ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਨੇ ਕੇਜਰੀਵਾਲ ਤੋਂ ਆਈ.ਸੀ.ਐੱਮ.ਆਰ. ਦੀ ਦਿਸ਼ਾ-ਨਿਰਦੇਸ਼ਾਂ ਦੀ ਕਾਪੀ ਮੰਗੀ ਤਾਂ ਉਨ੍ਹਾਂ ਨੇ ਹੱਥ ਖੜ੍ਹੇ ਕਰ ਦਿੱਤੇ। ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ ਝੂਠ ਬੋਲਿਆ ਜਿਸ ਲਈ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ 6 ਮਈ ਨੂੰ ਕੇਜਰੀਵਾਲ ਨੇ ਪੱਤਰਕਾਰ ਸੰਮੇਲਨ ਕਰ ਕੇ 700 ਮੀਟ੍ਰਿਕ ਟਨ ਆਕਸੀਜਨ ਦੀ ਮੰਗ ਕੀਤੀ ਸੀ। ਉਸ ਦੇ ਕੁਝ ਘੰਟਿਆਂ ਬਾਅਦ ਉਨ੍ਹਾਂ ਦੀ ਪਾਰਟੀ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ 976 ਮੀਟ੍ਰਿਕ ਟਨ ਆਕਸੀਜਨ ਚਾਹੀਦੀ ਹੈ। ਇਕ ਹੀ ਦਿਨ ਵਿੱਚ 2 ਵੱਖ-ਵੱਖ ਅੰਕੜੇ ਦੱਸੇ ਗਏ। ਇਹ ਕਿਤੇ ਨਾ ਕਿਤੇ ਇਕ ਸਾਜਿਸ਼ ਦੇ ਅਧੀਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਕਸੀਜਨ ਆਡਿਟ ਲਈ ਗਠਿਤ ਕਮੇਟੀ ਅਨੁਸਾਰ ਦਿੱਲੀ ਸਰਕਾਰ ਵੱਲੋਂ 25 ਅਪ੍ਰੈਲ ਤੋਂ 10 ਮਈ ਵਿਚਾਲੇ ਆਕਸੀਜਨ ਦੀ ਜੋ ਮੰਗ ਰੱਖੀ ਗਈ ਉਹ ਅਸਲ ਲੋੜ ਤੋਂ ਚਾਰ ਗੁਣਾ ਤੱਕ ਵੱਧ ਸੀ। ਉਨ੍ਹਾਂ ਕਿਹਾ ਕਿ ਕਮੇਟੀ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਦਿੱਲੀ ਨੂੰ ਆਕਸੀਜਨ ਦੀ ਵਾਧੂ ਸਪਲਾਈ ਨਾਲ 12 ਸੂਬਿਆਂ ਵਿੱਚ ਸਪਲਾਈ ਪ੍ਰਭਾਵਿਤ ਹੋਈ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਦਿੱਲੀ ਵਿੱਚ ਬਿਸਤਰ ਸਮਰੱਥਾ ਦੇ ਹਿਸਾਬ ਨਾਲ 289 ਮੀਟ੍ਰਿਕ ਟਨ ਆਕਸੀਜਨ ਦੀ ਜ਼ਰੂਰਤ ਸੀ ਜਦੋਂ ਕਿ ਦਿੱਲੀ ਸਰਕਾਰ ਵਲੋਂ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੂੰ 1140 ਮੀਟ੍ਰਿਨ ਟਨ ਆਕਸੀਜਨ ਚਾਹੀਦਾ ਜੋ ਸਮਰੱਥਾ ਤੋਂ 4 ਗੁਣਾ ਜ਼ਿਆਦਾ ਸੀ।