ਨਵੀਂ ਦਿੱਲੀ, 10 ਜੂਨ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦਰਮਿਆਨ ਅੱਜ ਇਕ ਵਾਰ ਫਿਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਗੱਲ ਕੀਤੀ| ਉਨ੍ਹਾਂ ਕਿਹਾ ਕਿ ਮੇਰਾ ਕੋਰੋਨਾ ਵਾਇਰਸ ਦਾ ਟੈਸਟ ਹੋਇਆ ਅਤੇ ਰਿਪੋਰਟ ਨੈਗੇਟਿਵ ਆਈ ਹੈ| ਉਹ ਪਿਛਲੇ 2 ਦਿਨਾਂ ਤੋਂ ਕਮਰੇ ਵਿੱਚ ਬੰਦ ਸਨ| ਦਿੱਲੀ ਵਿੱਚ ਹੁਣ ਕੋਰੋਨਾ ਦੇ 31 ਹਜ਼ਾਰ ਮਾਮਲੇ ਹਨ, ਜਿਨ੍ਹਾਂ ਵਿੱਚੋਂ 12 ਹਜ਼ਾਰ ਲੋਕ ਠੀਕ ਹੋ ਚੁਕੇ ਹਨ|
ਕੇਜਰੀਵਾਲ ਨੇ ਮੰਨਿਆ ਕਿ ਦਿੱਲੀ ਵਿੱਚ ਬਹੁਤ ਤੇਜ਼ੀ ਨਾਲ ਕੋਰੋਨਾ ਫੈਲਣ ਵਾਲਾ ਹੈ| ਉਹਨਾਂ ਕਿਹਾ ਕਿ 18 ਹਜ਼ਾਰ ਲੋਕਾਂ ਦਾ ਇਲਾਜ ਜਾਰੀ ਹੈ| ਇਨ੍ਹਾਂ ਵਿੱਚੋਂ 15 ਹਜ਼ਾਰ ਲੋਕ ਆਪਣੇ ਘਰਾਂ ਵਿੱਚ ਹਨ| ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦਿੱਲੀ ਵਿੱਚ ਕੋਰੋਨਾ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਹੈ| 15 ਜੂਨ ਨੂੰ 44 ਹਜ਼ਾਰ ਮਾਮਲੇ ਹੋ ਜਾਣਗੇ| ਉਨ੍ਹਾਂ ਕਿਹਾ ਕਿ 31 ਜੁਲਾਈ ਤੱਕ ਸਾਨੂੰ 80 ਹਜ਼ਾਰ ਬੈਡਾਂ ਦੀ ਲੋੜ ਪਵੇਗੀ|
ਕੋਰੋਨਾ ਨੂੰ ਲੈ ਕੇ ਉਹਨਾਂ ਕਿਹਾ ਕਿ ਇਸ ਲੜਾਈ ਨੂੰ ਹੁਣ ਜਨ ਅੰਦੋਲਨ ਬਣਾਉਣਾ ਹੋਵੇਗਾ| ਮਾਸਕ ਪਹਿਨਣਾ ਹੋਵੇਗਾ, ਹੱਥ ਧੋਣੇ ਹੋਣਗੇ ਅਤੇ ਸੋਸ਼ਲ ਡਿਸਟੈਂਸਿੰਗ ਕਰਨੀ ਪਵੇਗੀ| ਖੁਦ ਵੀ ਇਹ ਪਾਲਣ ਕਰਨਾ ਹੈ ਅਤੇ ਦੂਜਿਆਂ ਤੋਂ ਵੀ ਕਰਵਾਉਣਾ ਹੈ| ਸਾਡੀ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਦਿੱਲੀ ਵਿੱਚ ਸਿਰਫ ਦਿੱਲੀ ਦੇ ਹੀ ਲੋਕਾਂ ਦਾ ਇਲਾਜ ਹੋਵੇਗਾ ਪਰ ਹੁਣ ਉਪ ਰਾਜਪਾਲ ਅਤੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਲਾਗੂ ਕੀਤਾ ਜਾਵੇਗਾ, ਇਸ ਤੇ ਕੋਈ ਲੜਾਈ ਨਹੀਂ ਕੀਤੀ ਜਾਵੇਗੀ|