ਅਹਿਮਦਾਬਾਦ – ਗੁਜਰਾਤ ਸਰਕਾਰ ਨੇ ਤਬਾਹੀ ਮਚਾਉਣ ਵਾਲੇ ਚੱਕਰਵਾਤ ਤਾਉਤੇ ਨਾਲ ਪ੍ਰਭਾਵਿਤ ਹੋਏ ਮਛੇਰਿਆਂ ਲਈ 105 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਕ ਅਧਿਕਾਰਤ ਬਿਆਨ ਵਿੱਚ ਦੱਸਿਆ ਗਿਆ ਕਿ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਇਕ ਮੀਟਿੰਗ ਵਿੱਚ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਰਾਹਤ ਪੈਕੇਜ ਦਾ ਫ਼ੈਸਲਾ ਲਿਆ। ਚੱਕਰਵਾਤ ਤਾਉਤੇ 17 ਮਈ ਦੀ ਰਾਤ ਗੁਜਰਾਤ ਤੱਟ ਤੇ ਪਹੁੰਚਿਆ ਸੀ ਅਤੇ ਉਸ ਨਾਲ ਕਰੀਬ 220 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲੀ ਸੀ। ਬਿਆਨ ਅਨੁਸਾਰ, ਇਸ ਚੱਕਰਵਾਤ ਦੇ ਕਹਿਰ ਨਾਲ ਸੂਬੇ ਦੇ ਜਾਫ਼ਰਾਬਾਦ, ਰਾਜੁਲਾ, ਸਈਅਦ ਰਾਜਪਾੜਾ, ਸ਼ਿਆਲ ਬੇਟ ਅਤੇ ਨਾਵਾ ਬੰਦਰਗਾਹਾਂ ਤੇ ਤੱਟ ਤੇ ਖੜ੍ਹੀਆਂ ਕਿਸ਼ਤੀਆਂ, ਮੱਛੀ ਫੜਨ ਵਾਲੇ ਜਾਲ ਅਤੇ ਸਮੁੰਦਰੀ ਢਾਂਚੇ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਸੀ।ਚੱਕਰਵਾਤ ਵਿੱਚ ਮਛੇਰਿਆਂ ਦੇ ਮਕਾਨ ਵੀ ਨੁਕਸਾਨ ਗਏ ਸਨ। ਰਾਹਤ ਪੈਕੇਜ ਦੇ ਤੌਰ ਤੇ ਸੂਬਾ ਸਰਕਾਰ 1000 ਤੋਂ ਵੱਧ ਛੋਟੀਆਂ ਅਤੇ ਵੱਡੀਆਂ ਕਿਸ਼ਤੀਆਂ ਨੂੰ ਪਹੁੰਚੇ ਨੁਕਸਾਨ ਦੀ ਭਰਪਾਈ ਲਈ ਪ੍ਰਭਾਵਿਤ ਮਛੇਰਿਆਂ ਨੂੰ 25 ਕਰੋੜ ਰੁਪਏ ਦੀ ਧਨ ਰਾਸ਼ੀ ਦੇਵੇਗੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਛੋਟੀਆਂ ਕਿਸ਼ਤੀਆਂ ਲਈ ਸਰਕਾਰ ਕਿਸ਼ਤੀ ਦੀ ਕੀਮਤ ਦੀ 50 ਫੀਸਦੀ ਧਨਰਾਸ਼ੀ ਦਾ ਭੁਗਤਾਨ ਕਰੇਗੀ ਜਾਂ 75 ਹਜ਼ਾਰ ਰੁਪਏ ਦੇਵੇਗੀ। ਪੈਕੇਜ ਦੇ ਅਧੀਨ ਸੂਬਾ ਸਰਕਾਰ ਨੇ ਸਮੁੰਦਰੀ ਢਾਂਚੇ ਨੂੰ ਬਹਾਲ ਕਰਨ ਦੀ ਵੀ ਯੋਜਨਾ ਬਣਾਈ ਹੈ, ਜਿਸ ਨੂੰ ਚੱਕਰਵਾਤ ਨਾਲ ਨੁਕਸਾਨ ਪਹੁੰਚਿਆ। ਬਿਆਨ ਅਨੁਸਾਰ, ਸੂਬਾ ਸਰਕਾਰ ਸਮੁੰਦਰੀ ਢਾਂਚੇ ਨੂੰ ਬਹਾਲ ਕਰਨ ਅਤੇ ਮਜ਼ਬੂਤ ਬਣਾਉਣ ਤੇ ਕੁੱਲ 80 ਕਰੋੜ ਰੁਪਏ ਖਰਚ ਕਰੇਗੀ।