ਸ਼੍ਰੋਮਣੀ ਕਮੇਟੀ ਵੱਲੋਂ ਐਮਾਜ਼ੋਨ ਕੰਪਨੀ ਨੂੰ ਭੇਜਿਆ ਜਾ ਰਿਹਾ ਹੈ ਕਾਨੂੰਨੀ ਨੋਟਿਸ- ਮੁੱਖ ਸਕੱਤਰ
ਅੰਮ੍ਰਿਤਸਰ – ਆਨਲਾਈਨ ਵਿਕਰੀ ਵਾਲੀ ਵੈੱਬਸਾਈਟ ਐਮਾਜ਼ੋਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਸੈਂਚੀਆਂ ਤੇ ਗੁਟਕਾ ਸਾਹਿਬਾਨ ਵੇਚਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਐਮਾਜ਼ੋਨ ਵੱਲੋਂ ਕੀਤੀ ਜਾ ਰਹੀ ਅਜਿਹੀ ਕਾਰਵਾਈ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸਿਧਾਂਤਾਂ ਦੇ ਵਿਰੁੱਧ ਦੱਸਦਿਆਂ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰਬਾਣੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਗੁਰਬਾਣੀ ਦੇ ਗੁਟਕਾ ਸਾਹਿਬਾਨ ਦੀ ਆਨਲਾਈਨ ਵਿਕਰੀ ਕਰਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਦੇ ਮਨਾਂ ਅੰਦਰ ਗੁਰਬਾਣੀ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਹੈ ਅਤੇ ਐਮਾਜ਼ੋਨ ਵੱਲੋਂ ਆਨਲਾਈਨ ਗੁਟਕਾ ਸਾਹਿਬਾਨ ਦੀ ਵਿਕਰੀ ਨਾਲ ਸਿੱਖ ਮਨਾਂ ਅੰਦਰ ਭਾਰੀ ਰੋਸ ਦੀ ਲਹਿਰ ਹੈ। ਉਨ੍ਹਾਂ ਐਮਾਜ਼ੋਨ ਨੂੰ ਆਪਣੀ ਵੈੱਬਸਾਈਟ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਸੈਂਚੀਆਂ ਅਤੇ ਗੁਟਕਾ ਸਾਹਿਬ ਨੂੰ ਤੁਰੰਤ ਹਟਾਉਣ ਲਈ ਕਿਹਾ। ਸ. ਧਾਮੀ ਨੇ ਕਿਹਾ ਕਿ ਐਮਾਜ਼ੋਨ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ, ਜੇਕਰ ਇਨ੍ਹਾਂ ਨੇ ਤੁਰੰਤ ਵੈੱਬਸਾਈਟ ਤੋਂ ਗੁਰਬਾਣੀ ਦੇ ਗੁਟਕਾ ਸਾਹਿਬਾਨ ਨੂੰ ਹਟਾ ਕੇ ਸਪੱਸ਼ਟੀਕਰਨ ਨਾ ਭੇਜਿਆ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਐਮਾਜ਼ੋਨ ਕੰਪਨੀ ਖਿਲਾਫ਼ ਕਾਨੂੰਨ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਿੱਖ ਸੰਗਤ ਨੂੰ ਵੀ ਸੁਚੇਤ ਕਰਦਿਆਂ ਅਪੀਲ ਕੀਤੀ ਕਿ ਉਹ ਸਿੱਖ ਵਿਰੋਧੀ ਅਜਿਹੀਆਂ ਚਾਲਾਂ ਤੋਂ ਸਾਵਧਾਨ ਰਹਿਣ।