ਨਵੀਂ ਦਿੱਲੀ – ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ’ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਕੋਲ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਲਈ ਟੀਕਾ ਹੈ, ਪਰ ਸੂਬਿਆਂ ਨੂੰ ਦੇਣ ਲਈ ਨਹੀਂ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਪਾਰਦਰਸ਼ਤਾ ਦਿਖਾਉਂਦੇ ਹੋਏ ਟੀਕੇ ਦੀ ਪੂਰੀ ਸਪਲਾਈ ਦੇ ਅੰਕੜਿਆਂ ਨੂੰ ਜਨਤਕ ਕਰੇ। ਸਿਸੋਦੀਆ ਨੇ ਟੀਕਿਆਂ ਦੀ ਵੰਡ ਅਤੇ ਇਸ ’ਤੇ ਟੈਕਸ ਲਾਏ ਜਾਣ ਸਬੰਧੀ ਵੀ ਸਵਾਲ ਚੁੱਕੇ। ਉਪ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ‘ਲਾਪ੍ਰਵਾਹੀ’ ਕਾਰਨ ਭਾਰਤ ਵਿੱਚ ਟੀਕਿਆਂ ਦੀ ਘਾਟ ਹੋ ਗਈ ਹੈ ਤੇ ਸੂਬਿਆਂ ਨੂੰ ਟੀਕਾਕਰਨ ਰੋਕਣਾ ਪਿਆ। ਉਪ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਵਿੱਚ 10 ਜੂਨ ਤੱਕ ਨੌਜਵਾਨਾਂ ਦੇ ਟੀਕਾਕਰਨ ’ਤੇ ਰੋਕ ਲਗਾ ਦਿੱਤੀ ਹੈ। ਦਿੱਲੀ ਵਿੱਚ 92 ਲੱਖ ਨੌਜਵਾਨਾਂ ਦੀ ਆਬਾਦੀ ਹੈ, ਜਿਸ ਲਈ 1.84 ਕਰੋੜ ਟੀਕਿਆਂ ਦੀ ਲੋੜ ਹੈ, ਪਰ ਕੇਂਦਰ ਨੇ ਅਪਰੈਲ ਵਿੱਚ ਸਿਰਫ਼ 4.5 ਲੱਖ ਟੀਕੇ ਅਤੇ ਮਈ ਵਿੱਚ 3.67 ਲੱਖ ਟੀਕੇ ਮੁਹੱਈਆ ਕਰਵਾਏ। ਦਿੱਲੀ ਨੂੰ 10 ਜੂਨ ਤੋਂ ਬਾਅਦ 18-44 ਸਾਲ ਤੱਕ ਵਿਅਕਤੀਆਂ ਲਈ ਸਿਰਫ 5.5 ਲੱਖ ਟੀਕੇ ਮਿਲਣਗੇ। ਸਿਸੋਦੀਆ ਨੇ ਕਿਹਾ ਕਿ ਜੇ ਨੌਜਵਾਨਾਂ ਨੂੰ ਬਚਾਉਣਾ ਹੈ ਤਾਂ ਉਨ੍ਹਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਦੇਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਕੋਲ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਲਈ ਟੀਕਾ ਹੈ ਪਰ ਸੂਬਾ ਸਰਕਾਰਾਂ ਨੂੰ ਦੇਣ ਲਈ ਨਹੀਂ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ ਇੱਕ ਟੀਕੇ ਲਈ 1000-1200 ਰੁਪਏ ਦੀ ਮੰਗ ਕਰ ਰਹੇ ਹਨ।