ਨਵੀਂ ਦਿੱਲੀ – ਸੋਨੀਆ ਗਾਂਧੀ ਨੇ ਦੇਸ਼ ਵਿੱਚ ਮਿਊਕੋਰਮਾਈਕੋਸਿਸ (ਬਲੈਕ ਫੰਗਸ) ਦੇ ਮਾਮਲਿਆਂ ਵਿੱਚ ਵਾਧੇ ਅਤੇ ਜ਼ਰੂਰੀ ਦਵਾਈ ਦੀ ਘਾਟ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਇਸ ਬੀਮਾਰੀ ਦੇ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਤੁਰੰਤ ਜ਼ਰੂਰੀ ਕਦਮ ਚੁੱਕੇ ਜਾਣ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਕੇਂਦਰ ਨੇ ਸੂਬਿਆਂ ਤੋਂ ਬਲੈਕ ਫੰਗਸ ਨੂੰ ਮਹਾਮਾਰੀ ਐਲਾਨ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਐਲਾਨ ਕਰਨ ਦਾ ਮਤਲਬ ਇਹ ਹੈ ਕਿ ਇਸ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਦਾ ਪੂਰਾ ਉਤਪਾਦਨ ਅਤੇ ਸਪਲਾਈ ਯਕੀਨੀ ਕਰਨਾ ਜ਼ਰੂਰੀ ਹੈ ਅਤੇ ਮਰੀਜ਼ਾਂ ਦੀ ਮੁਫ਼ਤ ਦੇਖਭਾਲ ਕੀਤੀ ਜਾਵੇ।ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਐਮਫੋਟੇਰੀਸਿਨ-ਬੀ ਇਸ ਬੀਮਾਰੀ ਦੇ ਇਲਾਜ ਲਈ ਜ਼ਰੂਰੀ ਦਵਾਈ ਹੈ। ਫਿਲਹਾਲ, ਅਜਿਹੀਆਂ ਖ਼ਬਰਾਂ ਹਨ ਕਿ ਬਜ਼ਾਰ ਵਿੱਚ ਇਸ ਦਵਾਈ ਦੀ ਭਾਰੀ ਘਾਟ ਹੈ। ਇਸ ਦੇ ਨਾਲ ਹੀ, ਇਹ ਬੀਮਾਰੀ ਆਯੂਸ਼ਮਾਨ ਭਾਰਤ ਅਤੇ ਕਈ ਹੋਰ ਬੀਮਾ ਯੋਜਨਾ ਦੇ ਅਧੀਨ ਕਵਰ ਨਹੀਂ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਮਿਊਕਰਮਾਈਕੋਸਿਸ ਤੋਂ ਪ੍ਰਭਾਵਿਤ ਹੋ ਰਹੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਰਾਹਤ ਦੇਣ ਲਈ ਤੁਰੰਤ ਕਦਮ ਚੁਕੇ ਜਾਣ। ਦੂਜੇ ਪਾਸੇ ਕੇਂਦਰੀ ਸਿਹਤ ਮੰਤਰਾਲਾ ਨੇ ਕਿਹਾ ਕਿ ਬਲੈਕ ਫੰਗਸ ਨਾਲ ਪੈਦਾ ਹੋਣ ਵਾਲੇ ਰੋਗ ਮਿਊਕਰਮਾਈਕੋਸਿਸ ਦੇ ਇਲਾਜ ਵਿੱਚ ਕੰਮ ਆਉਣ ਵਾਲੀ ਦਵਾਈ ਐਮਫੋਟੇਰਿਸਿਨ-ਬੀ ਦੇ ਉਤਪਾਦਨ ਲਈ 5 ਹੋਰ ਕੰਪਨੀਆਂ ਨੂੰ ਲਾਇਸੈਂਸ ਦਿੱਤਾ ਗਿਆ ਹੈ ਅਤੇ ਉਹ ਜੁਲਾਈ ਤੋਂ ਹਰ ਮਹੀਨੇ ਇਸ ਦਵਾਈ ਦੀਆਂ 1,11,000 ਸ਼ੀਸ਼ੀਆਂ ਦਾ ਉਤਪਾਦਨ ਸ਼ੁਰੂ ਕਰੇਗੀ। ਇਸ ਦੇ ਨਾਲ ਹੀ, ਕੇਂਦਰ ਨੇ ਮਿਊਕਰਮਾਈਕੋਸਿਸ ਦੇ ਪ੍ਰਸਾਰ ਨੂੰ ਚਿੰਤਾ ਦਾ ਕਾਰਨ ਦੱਸਦੇ ਹੋਏ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਫੰਗਸ ਇਨਫੈਕਸ਼ਨ ਨੂੰ ਰੋਕਣ ਦੀਆਂ ਆਪਣੀਆਂ ਤਿਆਰੀਆਂ ਅਤੇ ਹਸਪਤਾਲਾਂ ਵਿੱਚ ਇਲਾਜ ਅਤੇ ਸਵੱਛਤਾ ਦੀ ਸਮੀਖਿਆ ਕਰਨ।