ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਪਾਰਟੀ ਦੇ ਕਈ ਹੋਰ ਸੀਨੀਅਰ ਨੇਤਾਵਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਮੌਕੇ ਅੱਜ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਰਾਹੁਲ ਨੇ ਵੀਰਭੂਮੀ ਜਾ ਕੇ ਆਪਣੇ ਪਿਤਾ ਦੀ ਸਮਾਧੀ ਤੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਟਵਿੱਟਰ ਤੇ ਆਪਣੇ ਪਿਤਾ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਕਿਹਾ ਕਿ ਸੱਚ, ਕਰੁਣਾ, ਪ੍ਰਗਤੀ। ਉੱਥੇ ਹੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਰਾਜੀਵ ਗਾਂਧੀ ਦੀ ਇਕ ਤਸਵੀਰ ਸਾਂਝੇ ਕਰਦੇ ਹੋਏ ਟਵੀਟ ਕੀਤਾ ਕਿ ਪ੍ਰੇਮ ਤੋਂ ਵੱਡੀ ਕੋਈ ਤਾਕਤ ਨਹੀਂ ਹੈ, ਦਇਆ ਤੋਂ ਵੱਡਾ ਕੋਈ ਸਾਹਸ ਨਹੀਂ ਹੈ, ਕਰੁਣਾ ਤੋਂ ਵੱਡੀ ਕੋਈ ਸ਼ਕਤੀ ਨਹੀਂ ਹੈ ਅਤੇ ਸਬਰ ਨਾਲੋਂ ਵੱਡਾ ਕੋਈ ਗੁਰੂ ਨਹੀਂ ਹੈ।ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਦੇਸ਼ ਰਾਜੀਵ ਗਾਂਧੀ ਨੂੰ ਇਕ ਅਜਿਹੇ ਨੇਤਾ ਦੇ ਤੌਰ ਤੇ ਹਮੇਸ਼ਾ ਯਾਦ ਕਰੇਗਾ, ਜਿਨ੍ਹਾਂ ਨੇ ਆਧੁਨਿਕ ਭਾਰਤ ਦੀ ਨੀਂਹ ਰੱਖੀ। ਉਨ੍ਹਾਂ ਨੇ ਇਕ ਬਿਆਨ ਵਿੱਚ ਕਿਹਾ ਕਿ ਰਾਜੀਵ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ, ਕਿਉਂਕਿ ਉਹ ਉਦਯੋਗਿਕੀਕਰਨ ਅਤੇ ਸੂਚਨਾ ਤਕਨਾਲੋਜੀ ਦੀ 21ਵੀਂ ਸਦੀ ਵੱਲ ਭਾਰਤ ਨੂੰ ਲੈ ਗਏ। ਸਾਰੇ ਜਾਣਦੇ ਹਨ ਕਿ ਦੇਸ਼ ਵਿੱਚ ਦੂਰਸੰਚਾਰ ਕ੍ਰਾਂਤੀ ਦੀ ਸ਼ੁਰੂਆਤ ਰਾਜੀਵ ਗਾਂਧੀ ਜੀ ਨੇ ਕੀਤੀ।ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਰਾਜੀਵ ਗਾਂਧੀ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ ਕਿ ਅੱਜ ਭਾਰਤ ਦੇ ਸਭ ਤੋਂ ਮਹਾਨ ਬੇਟਿਆਂ ਵਿੱਚੋਂ ਇਕ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੇ ਸ਼ਹਾਦਤ ਦਿਵਸ ਤੇ ਯਾਦ ਕਰਦੇ ਹਾਂ ਅਤੇ ਸ਼ਰਧਾਂਜਲੀ ਭੇਟ ਕਰਦੇ ਹਾਂ। ਉਹ ਵਿਚਾਰਾਂ ਅਤੇ ਊਰਜਾ ਨਾਲ ਭਰੇ ਸਨ ਅਤੇ ਭਾਰਤ ਨੂੰ ਇਕ ਵੱਡੀ ਤਾਕਤ ਬਣਾਉਣ ਦਾ ਉਨ੍ਹਾਂ ਦਾ ਸੁਫ਼ਨਾ ਸੀ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ, ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਅਤੇ ਕਈ ਹੋਰ ਨੇਤਾਵਾਂ ਨੇ ਵੀ ਰਾਜੀਵ ਗਾਂਧੀ ਨੂੰ ਯਾਦ ਕੀਤਾ। ਜਿਕਰਯੋਗ ਹੈ ਕਿ 21 ਮਈ 1991 ਨੂੰ ਤਾਮਿਲਨਾਡੂ ਦੇ ਸ਼੍ਰੀਪੇਰੂੰਬੁਦੁਰ ਵਿੱਚ ਇਕ ਧਮਾਕੇ ਵਿੱਚ ਰਾਜੀਵ ਗਾਂਧੀ ਦੀ ਮੌਤ ਹੋ ਗਈ ਸੀ।