ਜਲੰਧਰ – ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਸਾਢੇ ਚਾਰ ਸਾਲ ਦਾ ਕਾਰਜਕਾਲ ਅਸਫਲ ਸਿੱਧ ਹੋਇਆ ਹੈ ਕਿਸਾਨ ,ਮਜ਼ਦੂਰ, ਵਪਾਰੀ, ਨੌਜਵਾਨ, ਗਰੀਬ ਦਲਿਤਾਂ ਆਦਿ ਨਾਲ ਕੀਤੇ ਹਰ ਚੋਣ ਵਾਅਦੇ ਪੂਰੇ ਕਰਨ ਵਿਚ ਕਾਂਗਰਸ ਸਰਕਾਰ ਫੇਲ ਹੋਈ ਹੈ। ਪੰਜਾਬ ਕਾਂਗਰਸ ਛੇ ਕੱਕਿਆ ਵਿੱਚ ਉਲਝੀ ਪਈ ਹੈ ਜਿਸ ਵਿਚ ਕਾਂਗਰਸ, ਕੁਰਸੀ, ਕਰੋਨਾ, ਕੈਪਟਨ ਅਮਰਿੰਦਰ ਸਿੰਘ, ਕੈਪਟਨ ਸੰਦੀਪ ਸੰਧੂ ਅਤੇ ਹਾਕੀ ਦਾ ਕੈਪਟਨ ਪਰਗਟ ਸਿੰਘ ਸ਼ਾਮਲ ਹੈ।
ਕਾਂਗਰਸ ਦੇ ਰਾਜ ਵਿੱਚ ਜਦੋਂ ਕਰੋਨਾ ਮਹਾਮਾਰੀ ਦੋਰਾਨ ਜ਼ਹਿਰੀਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ, ਰਾਸ਼ਨ ਦੇ ਪੈਕਟਾਂ ਦੀ ਵੰਡ ਦਾ ਘੁਟਾਲਾ ਹੋਇਆ ਉਥੇ ਹੀ ਗਰੀਬ ,ਮਜ਼ਦੂਰ, ਵਪਾਰੀ ਨੂੰ ਕੋਈ ਵੀ ਸਮਾਜਕ ਸੁਰੱਖਿਆ ਨਹੀਂ ਦਿੱਤੀ ਗਈ। ਸਗੋਂ ਕਾਂਗਰਸ ਸਰਕਾਰ ਨੇ ਕਰੋਨਾ ਮਾਹਵਾਰੀ ਦੌਰਾਨ ਪੰਜਾਬੀਆਂ ਨੂੰ ਕਰੋਨਾ ਮਹਾਮਾਰੀ ਅੱਗੇ ਮਰਨ ਲਈ ਸੁਟਿਆ ਹੋਇਆ ਹੈ ਅਤੇ ਸਮੁੱਚੀ ਕਾਂਗਰਸ ਕੁਰਸੀ ਕੁਰਸੀ ਖੇਡ ਰਹੀ ਹੈ। ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਤੇ ਉਸ ਦਾ ਖਾਸਮ-ਖਾਸ ਕੈਪਟਨ ਸੰਦੀਪ ਸੰਧੂ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਖਿਲਾਫ਼ ਕੁਰਸੀ ਕੁਰਸੀ ਖੇਡ ਰਹੇ ਹਨ ਅਤੇ ਆਮ ਪੰਜਾਬੀਆਂ ਦਾ ਧਿਆਨ ਮੁੱਖ ਮੁੱਦਿਆਂ ਤੋਂ ਭਟਕਾ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਆੜ ਵਿਚ ਸਮੁੱਚੀ ਕਾਂਗਰਸ ਪਾਰਟੀ ਅੱਜ ਪੰਜਾਬੀਆਂ ਨੂੰ ਮੁੱਖ ਮੁੱਦਿਆਂ ਤੋਂ ਭਟਕਾਕੇ, ਸਮਾਜਿਕ ਸੁਰੱਖਿਆ ਤੋਂ ਵਾਂਝੇ ਕਰਕੇ, ਕਰੋਨਾ ਮਹਾਂਮਾਰੀ ਅੱਗੇ ਮਰਨ ਲਈ ਪੰਜਾਬੀਆਂ ਨੂੰ ਸੁੱਟਕੇ ਸਾਰੀ ਕਾਂਗਰਸ ਪਾਰਟੀ ਦੇ ਵੱਡੇ ਵੱਡੇ ਲੀਡਰ ਸੇਵਾ ਭਾਵਨਾ ਭੁੱਲਕੇ ਲਾਲਚੀ ਭਾਵਨਾ ਨਾਲ ਸੂਬੇ ਦੀ ਪ੍ਰਧਾਨਗੀ, ਸਰਕਾਰ ਵਿਚ ਡਿਪਟੀ ਮੁੱਖ ਮੰਤਰੀ ਤੇ ਕੈਬਨਿਟ ਰੈਂਕ ਲਈ ਲੜ ਰਹੇ ਹਨ ਜਿਸਦੀ ਬਹੁਜਨ ਸਮਾਜ ਪਾਰਟੀ ਨਿੰਦਾ ਕਰਦੀ ਹੈ। ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਗੜ੍ਹੀ ਨੇ ਅਪੀਲ ਕੀਤੀ ਹੈ ਕਿ ਕਾਂਗਰਸ ਸਰਕਾਰ ਆਪਣੀ ਪਾਰਟੀ ਦੇ ਪੰਜ ਕੱਕਿਆਂ ਚੋਂ ਬਾਹਰ ਨਿਕਲੇ ਅਤੇ ਕਰੋਨਾ ਦੇ ਕੱਕੇ ਨਾਲ ਲੜਾਈ ਲੜੇ ਅਤੇ ਪੰਜਾਬੀਆਂ ਦੀ ਸਮਾਜਿਕ ਤੇ ਸਿਹਤ ਸੁਰੱਖਿਆ ਯਕੀਨੀ ਬਣਾਵੇ।