ਫਰਿਜ਼ਨੋ – ਰਾਸ਼ਟਰਪਤੀ ਚੁਣੇ ਗਏ ਜੋ ਬਾਇਡਨ ਨੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਦੇ ਕਈ ਉੱਚ ਅਹੁਦਿਆਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ ਸੈਕਟਰੀ ਆਫ ਸਟੇਟ , ਹੋਮਲੈਂਡ ਸੁੱਰਖਿਆ ਸੈਕਟਰੀ, ਰਾਸ਼ਟਰੀ ਖੁਫੀਆ ਨਿਦੇਸ਼ਕ, ਸੰਯੁਕਤ ਰਾਸ਼ਟਰ ਵਿੱਚ ਰਾਜਦੂਤ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਮੌਸਮ ਲਈ ਰਾਸ਼ਟਰਪਤੀ ਦੇ ਵਿਸ਼ੇਸ਼ ਰਾਜਦੂਤ ਸ਼ਾਮਲ ਹਨ। ਇੱਕ ਰਿਪੋਰਟ ਦੇ ਅਨੁਸਾਰ ਬਾਇਡਨ ਨੇ ਐਂਟਨੀ ਬਲਿੰਕੇਨ ਨੂੰ ਸੈਕਟਰੀ ਆਫ ਸਟੇਟ ਚੁਣਿਆ ਹੈ ਜੋ ਕਿ ਬਾਇਡਨ ਦੇ ਕਈ ਸਾਲਾਂ ਤੋਂ ਵਿਸ਼ਵਾਸਯੋਗ ਹਨ ਅਤੇ ਉਨ੍ਹਾਂ ਨਾਲ ਉਸ ਨੇ ਕਾਫੀ ਸੇਵਾਵਾਂ ਵੀ ਨਿਭਾਈਆਂ ਹਨ। ਐਵਰੀਲ ਹੈਨੇਸ ਨੂੰ ਬਾਈਡੇਨ ਦੀ ਰਾਸ਼ਟਰੀ ਖੁਫੀਆ ਏਜੰਸੀ ਦੀ ਡਾਇਰੈਕਟਰ ਵਜੋਂ ਚੁਣਿਆ ਹੈ ਜੋ ਕਿ ਇਸ ਭੂਮਿਕਾ ਵਿੱਚ ਸੇਵਾ ਨਿਭਾਉਣ ਵਾਲੀ ਪਹਿਲੀ ਔਰਤ ਹੈ ,ਇਸਦੇ ਇਲਾਵਾ ਉਸਨੇ 2013 ਤੋਂ 2015 ਤੱਕ ਸੀ ਆਈ ਏ ਦੀ ਡਿਪਟੀ ਡਾਇਰੈਕਟਰ ਅਤੇ ਕਈ ਹੋਰ ਅਹੁਦਿਆਂ ਤੇ ਵੀ ਕੰਮ ਕੀਤਾ ਹੈ।ਇਸ ਟੀਮ ਦੇ ਹੋਰ ਮੈਂਬਰਾਂ ਵਿੱਚ ਰਾਸ਼ਟਰਪਤੀ ਬਾਇਡਨ ਨੇ ਅਲੇਜੈਂਡਰੋ ਮੇਯੋਰਕਾਸ ਨੂੰ ਹੋਮਲੈਂਡ ਸਿਕਿਓਰਿਟੀ ਦਾ ਸਕੱਤਰ ਨਾਮਜ਼ਦ ਕੀਤਾ ਹੈ ਜੋ ਕਿ ਹੋਮਲੈਂਡ ਸਿਕਿਓਰਿਟੀ ਵਿਭਾਗ ਦੇ 18 ਸਾਲਾਂ ਦੇ ਇਤਿਹਾਸ ਵਿਚ ਪਹਿਲੇ ਪ੍ਰਵਾਸੀ ਅਤੇ ਲਾਤੀਨੀ ਸੈਕਟਰੀ ਹੋਣਗੇ। ਇਸਦੇ ਨਾਲ ਹੀ ਯੂ.ਐਨ.ਵਿੱਚ ਅਮਰੀਕੀ ਰਾਜਦੂਤ ਦੇ ਅਹੁਦੇ ਲਈ ਰਾਸ਼ਟਰਪਤੀ ਚੁਣੇ ਗਏ ਬਾਈਡੇਨ ਦੀ ਪਸੰਦ ਲਿੰਡਾ ਥਾਮਸ-ਗ੍ਰੀਨਫੀਲਡ ਹੈ ਜਿਸਨੇ ਕਿ ਵਿਦੇਸ਼ੀ ਸੇਵਾ ਦੇ ਡਾਇਰੈਕਟਰ ਜਨਰਲ ਦੇ ਤੌਰ ਤੇ ਵੀ ਸੇਵਾ ਦੇ ਨਾਲ 2013 ਤੋਂ 2017 ਤੱਕ ਲਾਇਬੇਰੀਆ ਵਿਚ ਰਾਜਦੂਤ ਅਤੇ ਅਫਰੀਕੀ ਮਾਮਲਿਆਂ ਵਿੱਚ ਰਾਜ ਦੇ ਸਹਾਇਕ ਸਕੱਤਰ ਦੇ ਤੌਰ ਤੇ ਡਿਊਟੀ ਦਿੱਤੀ ਹੈ। ਜਦਕਿ ਇਸ ਟੀਮ ਦੇ ਅਗਲੇ ਮੈਂਬਰ ਜੇਕ ਸਲੀਵਨ ਹਨ ਜਿਹਨਾਂ ਨੂੰ ਬਾਇਡਨ ਵ੍ਹਾਈਟ ਹਾਊਸ ਦਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕਰ ਰਹੇ ਹਨ। ਇਸ ਸੁਰੱਖਿਆ ਟੀਮ ਦੇ ਇੱਕ ਹੋਰ ਮਹੱਤਵਪੂਰਨ ਅਹੁਦੇ ‘ਤੇ ਸਾਬਕਾ ਰਾਜ ਸੈਕਟਰੀ ਜੌਹਨ ਕੈਰੀ ਕੰਮ ਕਰਨਗੇ ਜਿਹਨਾਂ ਨੂੰ ਬਾਇਡਨ ਮੌਸਮ ਵਿੱਚ ਤਬਦੀਲੀ ਸੰਬੰਧੀ ਰਾਸ਼ਟਰਪਤੀ ਦੇ ਵਿਸ਼ੇਸ਼ ਰਾਜਦੂਤ ਵਜੋਂ ਨਿਯੁਕਤ ਕਰ ਰਹੇ ਹਨ। ਇਹ ਇਕ ਭੂਮਿਕਾ ਹੈ ਜਿਸ ਲਈ ਸੈਨੇਟ ਦੀ ਪੁਸ਼ਟੀ ਦੀ ਲੋੜ ਨਹੀਂ ਹੋਵੇਗੀ। ਕੈਰੀ ਨੇ ਪੈਰਿਸ ਜਲਵਾਯੂ ਸਮਝੌਤੇ ‘ਤੇ ਗੱਲਬਾਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ।ਆਪਣੀ ਇਸ ਟੀਮ ਦੀ ਜਾਣਕਾਰੀ ਦਿੰਦਿਆਂ ਬਾਇਡਨ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਟੀਮ ਚੁਣੌਤੀਆਂ ਦਾ ਸਾਹਮਣਾ, ਸੁਰੱਖਿਆ, ਖੁਸ਼ਹਾਲੀ ਅਤੇ ਕਦਰਾਂ ਕੀਮਤਾਂ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰੇਗੀ।