ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਵਿਡ ਦੇ ਟੀਕਿਆਂ ਲਈ ਸੂਬਿਆਂ ਦੇ, ਕੌਮਾਂਤਰੀ ਬਾਜ਼ਾਰ ਵਿਚ ਇਕ-ਦੂਜੇ ਨਾਲ ਲੜਨ ਅਤੇ ਮੁਕਾਬਲਾ ਕਰਨ ਨਾਲ ਭਾਰਤ ਦਾ ਅਕਸ ਖਰਾਬ ਹੁੰਦਾ ਹੈ। ਉਨ੍ਹਾਂ ਨੇ ਦਿੱਲੀ ਅਤੇ ਕਈ ਹੋਰ ਸੂਬਿਆਂ ਵਿਚ ਟੀਕਿਆਂ ਦੀਆਂ ਖ਼ੁਰਾਕਾਂ ਦੀ ਘਾਟ ਨੂੰ ਲੈ ਕੇ ਕਿਹਾ ਕਿ ਕੇਂਦਰ ਨੂੰ ਸੂਬਿਆਂ ਵਲੋਂ ਟੀਕਿਆਂ ਦੀ ਖਰੀਦ ਕਰਨੀ ਚਾਹੀਦੀ ਹੈ।ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਭਾਰਤੀ ਸੂਬਿਆਂ ਨੂੰ ਕੌਮਾਂਤਰੀ ਬਾਜ਼ਾਰ ਵਿਚ ਇਕ-ਦੂਜੇ ਨਾਲ ਮੁਕਾਬਲਾ ਕਰਨ ਅਤੇ ਲੜਨ ਲਈ ਛੱਡ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਮਹਾਰਾਸ਼ਟਰ ਨਾਲ, ਮਹਾਰਾਸ਼ਟਰ ਓਡੀਸ਼ਾ ਨਾਲ ਅਤੇ ਓਡੀਸ਼ਾ ਦਿੱਲੀ ਨਾਲ ਲੜ ਰਿਹਾ ਹੈ। ਭਾਰਤ ਕਿੱਥੇ ਹੈ? ਭਾਰਤ ਦਾ ਕਿੰਨਾ ਖਰਾਬ ਅਕਸ ਬਣਦਾ ਹੈ। ਭਾਰਤ ਨੂੰ ਇਕ ਦੇਸ਼ ਦੇ ਤੌਰ ਤੇ ਸਾਰੇ ਭਾਰਤੀ ਸੂਬਿਆਂ ਵਲੋਂ ਟੀਕਿਆਂ ਦੀ ਖਰੀਦ ਕਰਨੀ ਚਾਹੀਦੀ ਹੈ।ਇਕ ਹੋਰ ਟਵੀਟ ਵਿਚ ਉਨ੍ਹਾਂ ਕਿਹਾ ਕਿ ਭਾਰਤ ਵਲੋਂ ਟੀਕਾ ਉਤਪਾਦਨ ਕਰ ਰਹੇ ਦੇਸ਼ਾਂ ਦਾ ਰੁਖ਼ ਕਰਨ ਨਾਲ ਵੱਧ ਸੌਦੇਬਾਜ਼ੀ ਦੀ ਸ਼ਕਤੀ ਮਿਲੇਗੀ ਬਜਾਏ ਸੂਬਿਆਂ ਵਲੋਂ ਵਿਅਕਤੀਗਤ ਰੂਪ ਨਾਲ ਅਜਿਹਾ ਕਰਨ ਦੇ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਕੋਲ ਅਜਿਹੇ ਦੇਸ਼ਾਂ ਦੇ ਨਾਲ ਕੀਮਤ ਤੈਅ ਕਰਨ ਦੀ ਵਧੇਰੇ ਕੂਟਨੀਤਕ ਸੰਭਾਵਨਾ ਹੈ।ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਦਿੱਲੀ ਟੀਕਿਆਂ ਲਈ ਗਲੋਬਲ ਟੈਂਡਰ ਕੱਢੇਗੀ, ਜਦਕਿ ਭਾਜਪਾ ਅਗਵਾਈ ਵਾਲੀ ਕੇਂਦਰ ਤੇ ਸੂਬਿਆਂ ਨੂੰ ਅਜਿਹਾ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਸੀ। ਕੋਵੈਕਸੀਨ ਦਾ ਭੰਡਾਰ ਖ਼ਤਮ ਹੋਣ ਤੋਂ ਬਾਅਦ ਦਿੱਲੀ ਵਿਚ ਕਰੀਬ 100 ਟੀਕਾਕਰਨ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ।