ਨਵੀਂ ਦਿੱਲੀ – ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਾਂਗਰਸ ਤੇ ਕੋਰੋਨਾ ਵਿਰੁੱਧ ਜਾਰੀ ਦੇਸ਼ ਦੀ ਲੜਾਈ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਡਰ ਦਾ ਝੂਠਾ ਮਾਹੌਲ ਪੈਦਾ ਕਰਨ ਦਾ ਦੋਸ਼ ਲਗਾਇਆ। ਨੱਢਾ ਨੇ ਕਿਹਾ ਕਿ ਸੰਕਟ ਦੇ ਇਸ ਦੌਰ ਵਿੱਚ ਰਾਹੁਲ ਗਾਂਧੀ ਸਮੇਤ ਉਸ ਦੇ ਨੇਤਾਵਾਂ ਦੇ ਰਵੱਈਏ ਨੂੰ ਧੋਖੇ ਅਤੇ ਦਿਖਾਵੇ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ 4 ਪੰਨਿਆਂ ਦੀ ਇਕ ਚਿੱਠੀ ਵਿੱਚ ਇਹ ਦੋਸ਼ ਲਗਾਏ ਹਨ। ਜਿਕਰਯੋਗ ਹੈ ਕਿ ਬੀਤੇ ਦਿਨ ਕਾਂਗਰਸ ਕਾਰਜ ਕਮੇਟੀ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਕੋਰੋਨਾ ਪ੍ਰਬੰਧਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਵਿੰਨ੍ਹਿਆ ਸੀ। ਭਾਜਪਾ ਪ੍ਰਧਾਨ ਨੇ ਕਾਂਗਰਸੀ ਮੁੱਖ ਮੰਤਰੀਆਂ ਸਮੇਤ ਪਾਰਟੀ ਦੇ ਹੋਰ ਨੇਤਾਵਾਂ ਤੇ ਟੀਕਿਆਂ ਨੂੰ ਲੈ ਕੇ ਗੁੰਮਰਾਹ ਦੀ ਸਥਿਤੀ ਪੈਦਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਇਹ ਸਥਿਤੀ ਅਜਿਹੇ ਸਮੇਂ ਪੈਦਾ ਕੀਤੀ ਗਈ, ਜਦੋਂ ਦੇਸ਼ ਸੰਕਟ ਨਾਲ ਜੂਝ ਰਿਹਾ ਹੈ ਅਤੇ ਉਹ ਵੀ ਸਦੀਆਂ ਵਿੱਚ ਇਕ ਵਾਰ ਆਉਣ ਵਾਲੀ ਮਹਾਮਾਰੀ ਤੋਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਵਿਗਿਆਨ ਵਿੱਚ ਅਟੁੱਟ ਵਿਸ਼ਵਾਸ, ਸਹਿਕਾਰੀ ਸੰਘਵਾਦ ਨਾਲ ਗਲੋਬਲ ਮਹਾਮਾਰੀ ਨਾਲ ਨਿਪਟਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਉਹ ਆਫ਼ਤ ਦੇ ਇਸ ਕਾਲ ਵਿੱਚ ਕਾਂਗਰਸ ਦੇ ਰਵੱਈਏ ਤੋਂ ਦੁਖੀ ਹਨ ਪਰ ਹੈਰਾਨੀਜਨਕ ਨਹੀਂ ਹੈ। ਕਾਂਗਰਸ ਕਾਰਜ ਕਮੇਟੀ (ਸੀ.ਡਬਲਿਊ.ਸੀ.) ਨੇ ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੀ ਗੰਭੀਰ ਸਥਿਤੀ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀਆਂ ਗਲਤੀਆਂ ਸਵੀਕਾਰ ਕਰਨੀਆਂ ਚਾਹੀਦੀਆਂ ਹਨ ਅਤੇ ਇਸ ਮਹਾਮਾਰੀ ਨਾਲ ਲੜਨ ਲਈ ਪੂਰੀ ਤਰ੍ਹਾਂ ਸਮਰਪਿਤ ਹੋਣਾ ਚਾਹੀਦਾ। ਸੀ.ਡਬਲਿਊ.ਸੀ. ਦੀ ਡਿਜ਼ੀਟਲ ਮੀਟਿੰਗ ਵਿੱਚ ਪਾਸ ਪ੍ਰਸਤਾਵ ਵਿੱਚ ਇਹ ਦੋਸ਼ ਵੀ ਲਗਾਇਆ ਗਿਆ ਸੀ ਕਿ ਕੇਂਦਰ ਸਰਕਾਰ ਨੇ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਲਿਆ ਅਤੇ ਟੀਕਾਕਰਨ ਅਤੇ ਦੂਜੇ ਕਦਮਾਂ ਨੂੰ ਪੂਰੀ ਜ਼ਿੰਮੇਵਾਰੀ ਸੂਬਿਆਂ ਤੇ ਛੱਡ ਦਿੱਤੀ।