ਬੀਬੀ ਜਗੀਰ ਕੌਰ ਨੇ ਅਮਰੀਕਾ ਤੋਂ ਫਾਈਜ਼ਰ ਵੈਕਸੀਨ ਮੰਗਵਾਉਣ ਦੀ ਪ੍ਰਵਾਨਗੀ ਲਈ ਪ੍ਰਧਾਨ ਮੰਤਰੀ ਤੇ ਸਿਹਤ ਮੰਤਰੀ ਨੂੰ ਲਿਖਿਆ ਪੱਤਰ
ਅੰਮ੍ਰਿਤਸਰ – ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਮਾਨਵ ਭਲਾਈ ਲਈ ਸਥਾਪਿਤ ਕੀਤੇ ਕੋਵਿਡ ਕੇਅਰ ਕੇਂਦਰ ਮਰੀਜ਼ਾਂ ਲਈ ਧਰਵਾਸ ਬਣੇ ਹੋਏ ਹਨ। ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਲੁਧਿਆਣੇ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਸਥਾਪਿਤ ਕੀਤੇ ਕੋੋਰੋਨਾ ਵਾਰਡਾਂ ਦਾ ਉਦਘਾਟਨ ਕੀਤਾ ਸੀ, ਜੋ ਕੋਰੋਨਾ ਮਰੀਜ਼ਾਂ ਲਈ ਅਹਿਮ ਸਾਬਤ ਹੋ ਰਹੇ ਹਨ। ਇਨ੍ਹਾਂ ਕੇਂਦਰਾਂ ਵਿਚ ਆਕਸੀਜਨ ਦਾ ਪ੍ਰਬੰਧ ਹੋਣ ਦੇ ਨਾਲ ਨਾਲ ਤਜ਼ਰਬੇਕਾਰ ਮੈਡੀਕਲ ਸਟਾਫ਼ ਤਾਇਨਾਤ ਹੈ, ਜੋ ਮਰੀਜ਼ਾਂ ਦੇ ਦੇਖਭਾਲ ਵਿਚ ਲੱਗਾ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਕੋਰੋਨਾ ਕਾਰਨ ਮੌਜੂਦਾ ਹਾਲਾਤ ਬਹੁਤ ਹੀ ਸੰਜੀਦਾ ਹਨ ਅਤੇ ਇਸ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਲੋਕਾਂ ਦੇ ਦੁੱਖ ਨੂੰ ਸਮਝਦਿਆਂ ਵੱਖ-ਵੱਖ ਥਾਵਾਂ ’ਤੇ ਮੈਡੀਕਲ ਵਾਰਡ ਬਣਾਏ ਜਾ ਰਹੇ ਹਨ। ਲੁਧਿਆਣਾ ਤੇ ਦਮਦਮਾ ਸਾਹਿਬ ਵਿਖੇ ਸਥਾਪਿਤ ਕੋਵਿਡ ਕੇਅਰ ਕੇਂਦਰਾਂ ਤੋਂ ਇਲਾਵਾ ਪਟਿਆਲਾ ਤੇ ਭੁਲੱਥ ਵਿਖੇ ਵੀ ਜਲਦ ਹੀ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਆਲਮਗੀਰ ਵਿਖੇ ਹੁਣ ਤੱਕ ਸ਼੍ਰੋਮਣੀ ਕਮੇਟੀ ਵੱਲੋਂ 100 ਦੇ ਕਰੀਬ ਕੋਰੋਨਾ ਮਰੀਜ਼ਾਂ ਨੂੰ ਇਲਾਜ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ 55 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਇਸ ਤੋਂ ਇਲਾਵਾ 12 ਸੀਰੀਅਸ ਮਰੀਜ਼ਾਂ ਨੂੰ ਮੁੱਢਲੀ ਜਾਂਚ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ਵਿਚ ਪਹੁੰਚਾਇਆ ਗਿਆ ਹੈ।ਇਸੇ ਤਰ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ 50 ਦੇ ਕਰੀਬ ਮਰੀਜ਼ ਦਾਖਲ ਹੋਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿਚ ਸ੍ਰੀ ਗੁਰੂ ਰਾਮਦਾਸ ਹਸਪਤਾਲ ਸ੍ਰੀ ਅੰਮ੍ਰਿਤਸਰ ਅਤੇ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਬੀੜ ਸਾਹਿਬ ਦਾ ਸਟਾਫ਼ ਕਾਰਜਸ਼ੀਲ ਹੈ। ਆਲਮਗੀਰ ਲੁਧਿਆਣਾ ਵਿਖੇ ਡਾਕਟਰ ਨਰਿੰਦਰਜੀਤ ਸਿੰਘ ਕੰਗ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਡਾ. ਹਿਮਾਂਕ ਗਾਂਧੀ ਦੀ ਅਗਵਾਈ ਵਿਚ ਮੈਡੀਕਲ ਸਟਾਫ਼ ਮਰੀਜ਼ਾਂ ਦੀ ਸੇਵਾ ਵਿਚ ਲੱਗਾ ਹੋਇਆ ਹੈ। ਇਹ ਮੈਡੀਕਲ ਸਟਾਫ਼ ਤਿੰਨ ਸਿਫ਼ਟਾਂ ਵਿਚ ਡਿਊਟੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿਚ ਦਵਾਈਆਂ ਸਮੇਤ ਮੈਡੀਕਲ ਸੇਵਾਵਾਂ ਬਿਲਕੁਲ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਲੰਗਰ ਦਾ ਵੀ ਉੱਚਿਤ ਪ੍ਰਬੰਧ ਕੀਤਾ ਗਿਆ ਹੈ।ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਹੈ ਅਤੇ ਹਰ ਔਖੇ ਸਮੇਂ ਮਾਨਵਤਾ ਦੀ ਸੇਵਾ ਵਿਚ ਅੱਗੇ ਰਹਿੰਦੀ ਹੈ। ਮੌਜੂਦਾ ਕੋਰੋਨਾ ਦੇ ਦੌਰ ਅੰਦਰ ਸਿੱਖ ਸੰਸਥਾ ਹਰ ਪੱਧਰ ’ਤੇ ਆਪਣੀ ਸੇਵਾਵਾਂ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸੰਕਟਮਈ ਸਮੇਂ ਵਿਚ ਸ਼੍ਰੋਮਣੀ ਕਮੇਟੀ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਸ੍ਰੀ ਅੰਮ੍ਰਿਤਸਰ ਨੂੰ ਮੁਕੰਮਲ ਰੂਪ ਵਿਚ ਕੋਰੋਨਾ ਮਰੀਜ਼ਾਂ ਨੂੰ ਸਮਰਪਿਤ ਕੀਤਾ ਹੋਇਆ ਹੈ। ਇਥੇ 100 ਬਿਸਤਰੇ ਦੀ ਵਿਵਸਥਾ ਹੈ ਅਤੇ ਲੋੜੀਂਦੇ ਵੈਂਟੀਲੇਟਰ ਦਾ ਵੀ ਪ੍ਰਬੰਧ ਹੈ। ਹੁਣ ਤੱਕ ਸੈਂਕੜੇ ਕੋਰੋਨਾ ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਮਰੀਕਾ ਤੋਂ ਫਾਈਜ਼ਰ ਵੈਕਸੀਨ ਦੀ ਵੱਡੀ ਮਾਤਰਾ ਲਿਆਉਣ ਦੇ ਤੇਜ਼ ਯਤਨ ਕਰ ਰਹੀ ਹੈ ਅਤੇ ਆਸ ਹੈ ਕਿ ਜਲਦ ਹੀ ਇਸ ਵਿਚ ਸਫ਼ਲਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸਿਹਤ ਮੰਤਰੀ ਹਰਸ਼ ਵਰਧਨ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਪ੍ਰਵਾਨਗੀ ਮਿਲਣ ਮਗਰੋਂ ਇਹ ਵੈਕਸੀਨ ਕੋਰੋਨਾ ਤੋਂ ਰਾਹਤ ਲਈ ਵੱਡੀ ਮੱਦਦਗਾਰ ਹੋਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਕਸੀਜਨ ਪਲਾਂਟ ਵੀ ਸਥਾਪਿਤ ਕੀਤਾ ਗਿਆ ਹੈ, ਜਿਸ ਨਾਲ ਸ਼੍ਰੋਮਣੀ ਕਮੇਟੀ ਦੇ ਹਸਪਤਾਲਾਂ ਵਿਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਲਈ ਤਰਲ ਆਕਸੀਜਨ ਦੀ ਆਮਦ ਵਿਚ ਸਮੱਸਿਆ ਬਣੀ ਹੋਈ ਹੈ, ਜਿਸ ਲਈ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਹੈ। ਜਦੋਂ ਹੀ ਇਸ ਸਬੰਧੀ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ, ਤਾਂ ਇਹ ਮਰੀਜ਼ਾਂ ਲਈ ਵੱਡਾ ਸਹਾਰਾ ਬਣੇਗੀ। ਉਨ੍ਹਾਂ ਇਹ ਦੱਸਿਆ ਕਿ ਜਲਦ ਹੀ ਵੱਡੀ ਮਾਤਰਾ ਵਿਚ ਹੋਰ ਆਕਸੀਜਨ ਕੰਸਨਟਰੇਟਰ ਮੰਗਵਾਏ ਜਾ ਰਹੇ ਹਨ, ਜਿਨ੍ਹਾਂ ਲਈ ਵਿਦੇਸ਼ਾਂ ਦੀਆਂ ਸੰਗਤਾਂ ਦਾ ਭਰਵਾਂ ਸਹਿਯੋਗ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਲਈ ਨਿਰਥਾਰਤ ਨਿਯਮਾਂ ਅਤੇ ਸਾਵਧਾਨੀਆਂ ਦਾ ਪਾਲਣ ਕਰਨ। ਉਨ੍ਹਾਂ ਕਿਹਾ ਕਿ ਸਮੂਹਿਕ ਯਤਨਾਂ ਨਾਲ ਹੀ ਇਸ ਮਹਾਂਮਾਰੀ ਤੋਂ ਉਭਰਿਆ ਜਾ ਸਕਦਾ ਹੈ।