ਨਵੀਂ ਦਿੱਲੀ, 8 ਜੂਨ – ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਦਿੱਲੀ ਵਿੱਚ ਬਾਹਰੀ ਲੋਕਾਂ ਨੂੰ ਇਲਾਜ ਦੀ ਮਨਜ਼ੂਰੀ ਨਾ ਦੇਣ ਲਈ ਦਿੱਲੀ ਸਰਕਾਰ ਦੀ ਆਲੋਚਨਾ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਤੋਂ ਦਖਲਅੰਦਾਜ਼ੀ ਕਰਨ ਲਈ ਕਿਹਾ ਹੈ| ਮਾਇਆਵਤੀ ਨੇ ਅੱਜ ਇਕ ਟਵੀਟ ਵਿੱਚ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ| ਬਾਹਰ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਜ਼ਰੂਰੀ ਕੰਮਾਂ ਲਈ ਇੱਥੇ ਆਉਣਾ ਪੈਂਦਾ ਹੈ| ਐਮਰਜੈਂਸੀ ਵਿੱਚ ਲੋਕ ਆਪਣੇ ਇਲਾਜ ਲਈ ਵੀ ਦਿੱਲੀ ਪਹੁੰਚਦੇ ਹਨ| ਬਾਹਰ ਦੇ ਲੋਕਾਂ ਨੂੰ ਦਿੱਲੀ ਵਿੱਚ ਇਲਾਜ ਦੀ ਮਨਜ਼ੂਰੀ ਨਾ ਦੇਣਾ ਮੰਦਭਾਗਾ ਹੈ| ਉਨ੍ਹਾਂ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਤੋਂ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ|
ਉਨ੍ਹਾਂ ਨੇ ਕਿਹਾ,”ਦਿੱਲੀ ਦੇਸ਼ ਦੀ ਰਾਜਧਾਨੀ ਹੈ| ਇੱਥੇ ਪੂਰੇ ਦੇਸ਼ ਤੋਂ ਲੋਕ ਆਪਣੇ ਜ਼ਰੂਰੀ ਕੰਮਾਂ ਲਈ ਆਉਂਦੇ ਰਹਿੰਦੇ ਹਨ| ਅਜਿਹੇ ਵਿੱਚ ਜੇਕਰ ਕੋਈ ਵਿਅਕਤੀ ਅਚਾਨਕ ਬੀਮਾਰ ਪੈ ਜਾਂਦਾ ਹੈ ਤਾਂ ਉਸ ਨੂੰ ਇਹ ਕਹਿ ਕੇ ਉਹ ਦਿੱਲੀ ਦਾ ਨਹੀਂ ਹੈ, ਇਸਲਈ ਦਿੱਲੀ ਸਰਕਾਰ ਉਸ ਦਾ ਇਲਾਜ ਨਹੀਂ ਹੋਣ ਦੇਵੇਗੀ, ਇਹ ਬੇਹੱਦ ਮੰਦਭਾਗੀ ਹੈ| ਕੇਂਦਰ ਨੂੰ ਇਸ ਵਿੱਚ ਜ਼ਰੂਰ ਦਖਲ ਦੇਣਾ ਚਾਹੀਦਾ ਹੈ|” ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਅਤੇ ਪੀੜਤ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਸ਼ਹਿਰ ਦੇ ਲੋਕਾਂ ਦਾ ਇੱਥੋਂ ਦੇ ਹਸਪਤਾਲਾਂ ਵਿੱਚ ਇਲਾਜ ਨਹੀਂ ਹੋਵੇਗਾ| ਕੈਂਸਰ ਅਤੇ ਹੋਰ ਗੰਭੀਰ ਬੀਮਾਰੀਆਂ ਲਈ ਹਾਲਾਂਕਿ ਦਿੱਲੀ ਤੋਂ ਬਾਹਰ ਦੇ ਲੋਕ ਇੱਥੋਂ ਦੇ ਹਸਪਤਾਲਾਂ ਵਿੱਚ ਇਲਾਜ ਲਈ ਆ ਸਕਦੇ ਹਨ|
ਇਕ ਹੋਰ ਟਵੀਟ ਵਿੱਚ ਮਾਇਆਵਤੀ ਨੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੇ ਸੰਦਰਭ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਅਤੇ ਜ਼ਰੂਰੀ ਹੋਣ ਤੇ ਹੀ ਘਰੋਂ ਬਾਹਰ ਨਿਕਲਣ ਲਈ ਕਿਹਾ| ਉਨ੍ਹਾਂ ਨੇ ਕਿਹਾ,”ਅਨਲੌਕ-1 ਦੇ ਅਧੀਨ ਅੱਜ ਤੋਂ ਜੋ ਵੀ ਧਾਰਮਿਕ ਸਥਾਨ ਅਤੇ ਬਾਜ਼ਾਰ ਆਦਿ ਖੋਲ੍ਹੇ ਜਾ ਰਹੇ ਹਨ, ਉੱਥੇ ਜਾਣ ਲਈ ਲੋਕਾਂ ਨੂੰ ਸਰਕਾਰੀ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨਾ ਚਾਹੀਦਾ ਹੈ| ਜੇਕਰ ਬਹੁਤ ਜ਼ਰੂਰੀ ਹੈ, ਉਦੋਂ ਹੀ ਉੱਥੇ ਜਾਣਾ ਚਾਹੀਦਾ, ਨਹੀਂ ਤਾਂ ਜਾਣ ਤੋਂ ਬਚਣਾ ਚਾਹੀਦਾ ਹੈ| ਬਸਪਾ ਦੀ ਉਨ੍ਹਾਂ ਦੇ ਹਿੱਤ ਵਿੱਚ ਇਹੀ ਸਲਾਹ ਹੈ|”