ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕੋਵਿਡ-19 ਦੇ ਸੰਕਟਕਾਲੀ ਦੌਰ ਵਿੱਚ ਪਿੰਡਾਂ ਵਿੱਚ ਤਾਇਨਾਤ ਡਾਕਟਰਾਂ ਅਤੇ ਫਾਰਮਾਸਿਸਟਾਂ ਨੂੰ ਮੋਹਰਲੀ ਕਤਾਰ ਵਿੱਚ ਡਿਊਟੀ ਨਿਭਾਉਣ ਦੀ ਕੀਤੀ ਅਪੀਲ
ਚੰਡੀਗੜ੍ਹ – ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਦੇ ਪੇਂਡੂ ਖੇਤਰਾਂ ਦੇ ਡਾਕਟਰਾਂ ਅਤੇ ਫਾਰਮਾਸਿਸਟਾਂ ਨੂੰ ਸਿਹਤ ਵਿਭਾਗ ਨਾਲ ਮਿਲਕੇ ਫਰੰਟਲਾਈਨ ਵਰਕਰਾਂ ਵਜੋਂ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਦੀ ਅਪੀਲ ਕੀਤੀ ਹੈ।ਮੰਤਰੀ ਨੇ ਕਿਹਾ ਕਿ ਕੋਵਿਡ -19 ਕਾਰਨ ਪੈਦਾ ਹੋਈ ਇਸ ਸੰਕਟਮਈ ਸਥਿਤੀ ਕਾਰਨ ਪੂਰਾ ਸੂਬਾ ਬੜੀ ਔਖੀ ਘੜੀ ਵਿੱਚੋਂ ਲੰਘ ਰਿਹਾ ਹੈ। ਇਸ ਲਈ ਪੇਂਡੂ ਵਿਕਾਸ ਵਿਭਾਗ ਦੇ ਡਾਕਟਰਾਂ ਅਤੇ ਫਾਰਮਾਸਿਸਟਾਂ ਦਾ ਫਰਜ਼ ਬਣਦਾ ਹੈ ਕਿ ਉਹ ਸੂਬੇ ਦੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਮੋਢੇੇ ਨਾਲ ਮੋਢਾ ਜੋੜਕੇ ਕੰਮ ਕਰਨ।ਸ੍ਰੀ ਤ੍ਰਿਪਤ ਬਾਜਵਾ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਖੇਤਰਾਂ ਦੇ ਡਾਕਟਰਾਂ ਅਤੇ ਫਾਰਮਾਸਿਸਟਾਂ ਦੀਆਂ ਮੰਗਾਂ ਤੋਂ ਪਹਿਲਾਂ ਹੀ ਜਾਣੂ ਹੈ ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦੀਆਂ ਵੀ ਗਈਆਂ ਹਨ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਉਨ੍ਹਾਂ(ਡਾਕਟਰਾਂ) ਦੀਆਂ ਸਮੱਸਿਆਵਾਂ ਅਤੇ ਜਾਇਜ਼ ਮੰਗਾਂ ਨੂੰ ਖਿੜੇ ਮੱਥੇ ਸੁਲਝਾਉਣ ਦੀ ਕੋਸਿ਼ਸ਼ ਕੀਤੀ ਹੈ।ਉਨ੍ਹਾਂ ਅੱਗੇ ਕਿਹਾ ਕਿ ਅਗਲੇ ਹਫ਼ਤੇ ਇਹਨਾਂ ਡਾਕਟਰਾਂ ਦੀ ਸਾਰੀਆਂ ਮੰਗਾਂ ਮੁੱਖ ਮੰਤਰੀ ਨਾਲ ਵਿਚਾਰੀਆਂ ਜਾਣਗੀਆਂ ਅਤੇ ਅਤੇ ਹਾਂ-ਪੱਖੀ ਨਤੀਜੇ ਆਉਣ ਦੀ ਪੂਰੀ ਆਸ ਹੈ।ਪੰਚਾਇਤ ਮੰਤਰੀ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸੰਕਟ ਸਮੇਂ ਜਦੋਂ ਸੂਬਾ ਦੇ ਸਾਰੇ ਅਮਲੇ ਅਤੇ ਸਰੋਤਾਂ ਦੀ ਵਰਤੋਂ ਲੋਕਾਂ ਦੀ ਜਾਨ ਬਚਾਉਣ ਲਈ ਕੀਤੀ ਜਾ ਰਹੀ ਹੈ ਤਾਂ ਪੇਂਡੂ ਡਾਕਟਰਾਂ ਅਤੇ ਫਾਰਮਾਸਿਸਟਾਂ ਨੂੰ ਵੀ ਆਪਣੀਆਂ ਮੁਸ਼ਕਲਾਂ ਦੇ ਬਾਵਜੂਦ ਆਪਣੀ ਡਿਊਟੀ ਪੂਰੇ ਸਮਰਪਣ ਨਾਲ ਨਿਭਾ ਕੇ ਉਦਾਹਰਣ ਪੇਸ਼ ਕਰਨੀ ਚਾਹੀਦੀ ਹੈ। ਮੰਤਰੀ ਨੇ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਪੇਂਡੂ ਖੇਤਰਾਂ ਦੇ ਡਾਕਟਰਾਂ ਅਤੇ ਫਾਰਮਾਸਿਸਟਾਂ ਦੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ।