ਧੌਲਪੁਰ (ਰਾਜਸਥਾਨ), 8 ਜੂਨ, 2020 : ਰਾਜਸਥਾਨ ਦੇ ਧੌਲਪੁਰ ਵਿਚ ਸਥਿਤ ਸਭ ਤੋਂ ਵੱਡੇ ਮਹਾਰਾਣਾ ਸਕੂਲ ਦੇ ਤਿੰਨ ਕਮਰਿਆਂ ਵਿਚੋਂ ਸੋਨੇ ਦੇ ਪਾਣੀ ਨਾਲ ਲਿਖੀਆਂ ਵੱਡੇ ਆਕਾਰ ਦੀਆਂ ਕਿਤਾਬਾਂ ਮਿਲੀਆਂ ਹਨ। ਇਹ ਕਮਰੇ 115 ਸਾਲਾਂ ਬਾਅਦ ਖੋਲ੍ਹੇ ਗਏ ਸਨ।
ਸਕੂਲ ਦੇ ਪ੍ਰਿੰਸੀਪਲ ਰਮਾਕਾਂਤ ਸ਼ਰਮਾ ਨੇ ਦੱਸਿਆ ਕਿ ਅਸੀਂ ਸਮਝਦੇ ਸੀ ਕਿ ਇਹਨਾਂ ਕਮਰਿਆਂ ਵਿਚ ਕਬੜਾ ਭਰਿਆ ਹੋਵੇਗਾ ਪਰ ਜਦੋਂ ਇਹ ਕਮਰੇ ਖੋਲ੍ਹੇਤਾਂ ਇਹਨਾਂ ਵਿਚੋਂ 20 ਹਜ਼ਾਰ ਤੋਂ ਵੀ ਜ਼ਿਆਦਾ ਦੁਰਲਭ ਲਿਖਤਾਂ, ਬ੍ਰਿਟਿਸ਼ ਸਮੇਂ ਦੀਆਂ ਕਿਤਾਬਾਂ ਤੇ ਡਿਕਸ਼ਨਰੀਆਂ ਆਦਿ ਮਿਲੀਆਂ।
ਕਈ ਪੁਸਤਕਾਂ 1905 ਤੋਂ ਪਹਿਲਾਂ ਦੀਆਂ ਹਨ : ਤਿੰਨ ਕਮਰਿਆਂ ਵਿਚੋਂ ਜਿਹੜੀਆਂ ਪੁਸਤਕਾਂ ਮਿਲੀਆਂ ਹਨ, ਉਹਨਾਂ ਵਿਚੋਂ ਕਈ 1905 ਜਾਂ ਇਸ ਤੋਂ ਪਹਿਲਾਂ ਦੀਆਂ ਹਨ ਤੇ ਸੋਨੇ ਦੇ ਪਾਣੀ ਨਾਲ ਲਿਖੀਆਂ ਗਈਆਂ ਹਨ। ਇਕ ਕਿਤਾਬ ਤਾਂ ਤਕਰੀਬਨ 3 ਫੁੱਟ ਲੰਬੀ ਹੈ ਜਿਸ ਵਿਚ ਦੁਨੀਆਂ ਦੇ ਵੱਖ ਵੱਖ ਮੁਲਕਾਂ ਅਤੇ ਰਿਆਸਤਾਂ ਦੇ ਨਕਸ਼ੇ ਬਣੇ ਹੋਏ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ 115 ਸਾਲਾਂ ਦੌਰਾਨ ਇਸ ਸਕੂਲ ਵਿਚ ਅਨੇਕਾਂ ਪ੍ਰਿੰਸੀਪਲ ਆਏ ਤੇ ਗਏ ਪਰ ਕਿਸੇ ਨੇ ਵੀ ਕਮਰੇ ਖੋਲ੍ਹਣ ਬਾਰੇ ਨਹੀਂ ਸੋਚਿਆ।
ਪ੍ਰਿੰਸੀਪਲ ਨੇ ਦੱਸਿਆ ਕਿ ਗੋਲਡਨ ਸਿਆਹੀ ਨਾਲ ਲਿਖੀਆਂ ਪੁਸਤਕਾਂ ਦੀ ਉਸ ਵੇਲੇ ਕੀਮਤ 25 ਤੋਂ 65 ਰੁਪਏ ਹੋਣ ਦਾ ਅੰਦਾਜ਼ਾ ਹੈ। ਇਹ ਦੁਰਲਭ ਪੁਸਤਕਾਂ ਹੁਣ ਬਜ਼ਾਰ ਵਿਚੋਂ ਮਿਲੀਆਂ ਮੁਸ਼ਕਿਲ ਹਨ। ਇਹ ਕਿਤਾਬਾਂ, ਭਾਰਤ, ਲੰਡਨ ਤੇ ਯੂਰਪ ਵਿਚ ਪ੍ਰਕਾਸ਼ਤ ਹੋਈਆਂ ਹਨ। ਕਮਰਿਆਂ ਵਿਚੋਂ 1957 ਵਿਚ ਭਾਰਤ ਸਰਕਾਰ ਵੱਲੋਂ ਪ੍ਰਕਾਸ਼ਤ ਰਾਸ਼ਟਰੀ ਐਟਲਸ, ਵੈਸਟਰਨ-ਤਿੱਬਤ ਤੇ ਬ੍ਰਿਟਿਸ਼ ਬਾਰਡਰ ਲੈਂਡ, ਸੈਕੰਡ ਕੰਟਰੀ ਆਫ ਹਿੰਦੂ ਐਂਡ ਬੁੱਧਿਸ਼ 1906, ਅਰਬੀ, ਫਾਰਸੀ, ਉਰਦੂ ਤੇ ਹਿੰਦੀਆਂ ਕਈ ਕਿਤਾਬਾਂ ਦੇ ਖਰੜੇ ਵੀ ਮਿਲੇ ਹਨ।