24 ਅਪ੍ਰੈਲ ਤੋਂ ਸੁਰੂ ਹੋਣ ਵਾਲੇ ਵਿਸਵ ਟੀਕਾਕਰਨ ਹਫ਼ਤੇ ਦੀ ਪੂਰਬਲੀ ਸ਼ਾਮ ਮੌਕੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਲਈ ਦਿੱਤਾ ਸੱਦਾ
ਚੰਡੀਗੜ੍ਹ – ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦਮਾਂ ਤਹਿਤ ਅੱਗੇ ਵਧਦਿਆਂ ਪੰਜਾਬ ਅਜਿਹਾ ਪਹਿਲਾ ਸੂਬਾ ਬਣ ਗਿਆ ਜਿਸ ਨੇ ਹਾਈ ਨੇਜ਼ਲ ਫਲੋ ਕੈਨੂਲਜ਼ (ਐਚ.ਐੱਫ.ਐੱਨ.ਸੀਜ਼) ਦੀ ਮਹੱਤਤਾ ਨੂੰ ਸਮਝਿਆ ਹੈ।ਮੌਜੂਦਾ ਵਿਸਵਵਿਆਪੀ ਮਹਾਂਮਾਰੀ ਸੰਕਟ ਵਿੱਚ ਇਹ ਮਾਅਰਕਾ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ ਜਦੋਂ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਲਈ ਭਾਰਤ ਸਰਕਾਰ ਵੈਂਟੀਲੇਟਰਾਂ ਦੀ ਖਰੀਦ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਐਚ.ਐਫ.ਐਨ.ਸੀ. ‘ਤੇ ਧਿਆਨ ਕੇਂਦਰਿਤ ਕਰ ਰਹੀ, ਜੋ ਸਮਾਂ ਰਹਿੰਦਿਆਂ ਕੀਮਤੀ ਜਾਨਾਂ ਬਚਾਉਣ ਲਈ ਇੱਕ ਹੋਰ ਮਹੱਤਵਪੂਰਨ ਸਾਧਨ ਸਾਬਤ ਹੋਵੇਗਾ।ਇਹ ਪ੍ਰਗਟਾਵਾ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ 24 ਅਪ੍ਰੈਲ ਤੋਂ ਸੁਰੂ ਹੋਣ ਵਾਲੇ ਵਿਸਵ ਟੀਕਾਕਰਨ ਹਫ਼ਤੇ ਦੀ ਪੂਰਬਲੀ ਸ਼ਾਮ ਮੌਕੇ ਸਟਰੈਟਿਜਿਕ ਇੰਸਟੀਚਿਊਟ ਫ਼ਾਰ ਪਬਲਿਕ ਹੈਲਥ ਐਜੂਕੇਸ਼ਨ ਐਂਡ ਰਿਸਰਚ (ਐਸ.ਆਈ.ਫੀ.ਐਚ.ਈ.ਆਰ.) ਵੱਲੋਂ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ।ਮੁੱਖ ਸਕੱਤਰ ਨੇ ਕਿਹਾ ਕਿ ਇਹ ਹਫਤਾ ਬਿਮਾਰੀਆਂ, ਖਾਸਕਰ ਕੋਵਿਡ-19 ਮਹਾਂਮਾਰੀ ਤੋਂ ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਟੀਕਾਕਰਨ ਕਰਾਉਣ ਨੂੰ ਹੋਰ ਉਤਸ਼ਾਹਤ ਕਰਨ ਲਈ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਮਹਾਂਮਾਰੀ ਵਿਸਵ ਭਰ ਵਿੱਚ ਜਨ ਸਿਹਤ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਰਹੀ ਹੈ।ਵਾਇਰਸ ਨੂੰ ਹਰਾਉਣ ਦੇ ਮੱਦੇਨਜ਼ਰ ਯੋਗ ਵਿਅਕਤੀ ਨੂੰ ਤੁਰੰਤ ਟੀਕਾ ਲਗਵਾਉਣ ਦੀ ਅਪੀਲ ਕਰਦਿਆਂ ਸ੍ਰੀਮਤੀ ਮਹਾਜਨ ਨੇ ਕਿਹਾ ਕਿ ਉਹਨਾਂ ਨੇ ਖੁਦ ਵੀ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ ਅਤੇ ਇਹ ਸੁਰੱਖਿਅਤ ਹੈ ਅਤੇ ਅੱਜ ਤੱਕ ਵਾਇਰਸ ਦੀ ਰੋਕਥਾਮ ਲਈ ਇੱਕੋ-ਇੱਕ ਸਾਧਨ ਹੈ।ਸੂਬੇ ਵਿੱਚ ਜਨਤਕ ਸਿਹਤ ਸਬੰਧੀ ਮੁੱਦਿਆਂ ਅਤੇ ਕੋਵਿਡ-19 ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰਦਿਆਂ ਮੁੱਖ ਸਕੱਤਰ ਨੇ ਕਿਹਾ, “ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਕੋਸ਼ਿਸ਼ ਲਾਕਡਾਊਨ ਅਤੇ ਇਸ ਪ੍ਰਕਾਰ ਦੀਆਂ ਆਰਥਿਕ ਗਤੀਵਿਧੀਆਂ ‘ਤੇ ਘੱਟੋ-ਘੱਟ ਪਾਬੰਦੀਆਂ ਲਾਉਣਾ ਹੈ ਤਾਂ ਜਨਤਾ ਦੀ ਅਸੁਵਿਧਾ ਨੂੰ ਘੱਟ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 1 ਮਈ ਤੋਂ 18-45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਸ਼ੁਰੂ ਕਰਨ ਜਾ ਰਹੀ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸੂਬੇ ਭਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਹ ਟੀਕਾ ਮੁਫ਼ਤ ਸਪਲਾਈ ਕੀਤਾ ਜਾਵੇ ਅਤੇ ਸੂਬਾ ਸਰਕਾਰ ਦੀ 104 ਹੈਲਪਲਾਈਨ ‘ਤੇ 24 ਘੰਟੇ ਹਸਪਤਾਲਾਂ ਵਿਚ ਬੈੱਡਾਂ ਦੀ ਉਪਲਬਧਤਾ ਬਾਰੇ ਆਨਲਾਈਨ ਜਾਣਕਾਰੀ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ।ਮੁੱਖ ਸਕੱਤਰ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਬਾਰੇ ਜਾਗਰੂਕ ਕਰਨ ‘ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਮਾਸਕ ਪਹਿਨਣਾ, ਆਪਸੀ ਦੂਰੀ ਬਰਕਰਾਰ ਰੱਖਣਾ ਅਤੇ ਸਮੇਂ ਸਮੇਂ ’ਤੇ ਹੱਥ ਧੋਣੇ ਸ਼ਾਮਲ ਹਨ। ਇਸ ਤੋਂ ਇਲਾਵਾ ਸਥਿਤੀ ਨੂੰ ਕਾਬੂ ਵਿੱਚ ਕਰਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਜਿੰਮ / ਸਪਾ, ਸਪੋਰਟਸ ਕੰਪਲੈਕਸ ਵਿੱਚ ਇਕੱਠ ਦੀ ਗਿਣਤੀ ਨੂੰ ਸੀਮਤ ਕੀਤਾ ਗਿਆ ਹੈ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਕਿਸੇ ਵੀ ਕੀਮਤ ’ਤੇ ਬਚਾਈਆਂ ਜਾ ਸਕਣ।ਉਹਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਕੋਵਿਡ ਨਾਲ ਨਜਿੱਠਣ ਲਈ ਸਿਹਤ ਤੰਤਰ ਮਾਹਿਰਾਂ ਦੇ ਸਹਿਯੋਗ ਨਾਲ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਇਲਾਵਾ ਸਾਰੇ ਲੋੜੀਂਦੇ ਉਪਕਰਣ, ਦਵਾਈਆਂ ਦੇ ਸੁਚੱਜੇ ਰੱਖ-ਰਖਾਅ ਅਤੇ ਸਭ ਤੋਂ ਮਹੱਤਵਪੂਰਨ ਰਾਜ ਨੇ ਟ੍ਰੀਟਿੰਗ ਫੈਕਲਟੀ, ਡਾਕਟਰ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ ਤਾਂ ਜੋ ਇਲਾਜ ਕਰਨ ਸਬੰਧੀ ਵਿਚਾਰ ਕਰਕੇ ਸਹੀ ਫੈਸਲੇ ਲਏ ਜਾ ਸਕਣ।ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਜਿਹੀਆਂ ਪਹਿਲਕਦਮੀਆਂ ਪੰਜਾਬ ਦੇ ਲੋਕਾਂ ਲਈ ਮਦਦਗਾਰ ਸਾਬਤ ਹੋਈਆਂ ਹਨ ਕਿਉਂ ਜੋ ਕੁਲ ਕੇਸਾਂ ਦੀ ਗਿਣਤੀ ਦੇ ਆਧਾਰ ’ਤੇ ਪੰਜਾਬ, ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇੇ 17ਵੇਂ ਸਥਾਨ ਤੋਂ ਉੱਪਰ ਨਹੀਂ ਗਿਆ। ਅਸੀਂ ਮਿਲ ਕੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਸਾਡੇ ਪ੍ਰਾਈਵੇਟ ਸਿਹਤ ਸੰਭਾਲ ਖੇਤਰ ਨੂੰ ਵੀ ਮਜਬੂਤ ਅਤੇ ਸਮਰੱਥ ਬਣਾਇਆ ਜਾ ਸਕੇ। ਸਾਡੇ ਕੋਲ ਮੌਜੂਦ ਮਾਹਿਰਾਂ ਦੀਆਂ ਟੀਮਾਂ ਨੇ ਉਸ ਸਮੇਂ ਪੜਤਾਲ ਕੀਤੀ ਸੀ ਜਦੋਂ ਸਮੱਸਿਆ ਕਾਫੀ ਘੱਟ ਸੀ ਅਤੇ ਉਸ ਸਮੇਂ ਕੀਤੀ ਸਮੀਖਿਆ ਦੇ ਅਧਾਰ ਇਹ ਪਤਾ ਲਗਾਇਆ ਕਿ ਕਿਹੜੇ ਹਸਪਤਾਲਾਂ ਨੇ ਸੰਕਟਕਾਲੀ ਦੌਰ ਵਿੱਚ ਵਧੀਆ ਇਲਾਜ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਕਿਹੜੇ ਹਸਪਤਾਲ ਅਜਿਹਾ ਭਰੋਸੇਯੋਗ ਪ੍ਰਦਰਸ਼ਨ ਨਹੀਂ ਕਰ ਸਕੇ ਸਨ ਤਾਂ ਜੋ ਇਨਾਂ ਹਸਪਤਾਲਾਂ ਦੀ ਕਾਰਜਵਿਧੀ ਵਿੱਚ ਨਿਰਧਾਰਤ ਮਾਪਦੰਡਾਂ ਅਨੁਸਾਰ ਸੁਧਾਰ ਕੀਤਾ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਅਸੀਂ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਹਮੇਸ਼ਾਂ ਖੜੇ ਹਾਂ ਅਤੇ ਅਸੀਂ ਖੜਾਂਗੇ ਵੀ ਤਾਂ ਜੋ ਨਾ ਸਿਰਫ ਪੰਜਾਬ ਦੇ ਲੋਕਾਂ ਨੂੰ ਸਗੋਂ ਹੋਰਨਾਂ ਸੂਬਿਆਂ ਤੋਂ ਆ ਰਹੇ ਮਰੀਜ਼ਾਂ ਲਈ ਵੀ ਮਿਆਰੀ ਤੇ ਸੁਚੱਜੀਆਂ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।ਸ੍ਰੀਮਤੀ ਮਹਾਜਨ ਨੇ ਪ੍ਰੋਗਰਾਮ ਦੇ ਪ੍ਰਬੰਧਕਾਂ ਡਾ. ਰਾਕੇਸ਼ ਗੁਪਤਾ ਅਤੇ ਡਾ. ਸੋਨੂੰ ਗੋਇਲ ਦੀ ਜਨਤਕ ਸਿਹਤ ਸੇਵਾਵਾਂ ਲਈ ਦਿੱਤੇ ਸਹਿਯੋਗ ਲਈ ਪਿੱਠ ਥਾਪੜੀ ਅਤੇ ਉਹਨਾਂ ਵਲੋਂ ਹਾਲ ਹੀ ਦੇ ਸਾਲਾਂ ਵਿੱਚ ਕੀਤੀਆਂ ਗਤੀਵਿਧੀਆਂ ਦੀ ਸ਼ਲਾਘਾ ਵੀ ਕੀਤੀ।ਪ੍ਰਬੰਧਕਾਂ ਨੇ ਪੰਜਾਬ ਸਰਕਾਰ ਵਿਸ਼ੇਸ਼ ਕਰਕੇ ਸ੍ਰੀਮਤੀ ਮਹਾਜਨ ਦੀ ਅਗਵਾਈ ਵਿੱਚ ਜਨਤਕ ਸਿਹਤ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।