ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ)- ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਜਦੋਂ ਕੁਝ ਕੁ ਦਿਨ ਅਤੇ ਐਡਵਾਂਸ ਪੋਲਿੰਗ ਤੋਂ ਕੁਝ ਘੰਟੇ ਪਹਿਲਾਂ ਅੱਜ ਫੈਡਰਲ ਲੀਡਰਾਂ ਦੀ ਹੋਈ ਅੰਗਰੇਜ਼ੀ ਦੀ ਮੁੱਖ ਡਿਬੇਟ ਬੇਹੱਦ ਸੰਤੁਲਿਤ
ਅਤੇ ਬਹੁ-ਪੱਖੀ ਮੁੱਦਿਆਂ ‘ਤੇ ਅਧਾਰਤ ਰਹੀ ਜਿਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਪਣਾ ਦਾਮਨ ਕਿਸੇ ਵਿਵਾਦ ਪ੍ਰਭਾਵ ਤੋਂ ਬਚਾ ਕਿ ਕੈਨੇਡੀਅਨ ਲੋਕਾਂ ਦੇ ਮਨਾਂ ‘ਚ ਬਣੀ ਹੋਈ ਆਪਣੀ ਵਿਸ਼ੇਸ਼ ਥਾਂ ਨੂੰ ਕਾਇਮ ਰੱਖਣ ‘ਚ ਸਫਲ ਰਹੇ । ਜਦੋਂ ਕਿ ਪੀਅਰ ਪੋਲੀਏਵਰ ਅਤੇ ਜਗਮੀਤ ਨੇ ਪ੍ਰਧਾਨ ਮੰਤਰੀ ਮਮਾਰਕ ਕਾਰਨੀ ਨੂੰ ਤਿੱਖੇ ਸਵਾਲ ਵੀ ਕੀਤੇ । ਪੀਅਰ ਪੋਲੀਏਵਰ ਆਪਣੀ ਗੱਲਬਾਤ ‘ਚ ਪ੍ਰਗਤੀਵਾਦੀ , ਜਗਮੀਤ ਸਿੰਘ ਪ੍ਰਸ਼ਨਵਾਦੀ ਅਤੇ ਕਿਊਬੈੱਕ ਆਗੂ ਇਲਾਕਾਵਾਦੀ ਜਾਂ ਸੂਬਾਵਾਦੀ ਭਾਵਨਾ ਨੂੰ ਪ੍ਰਗਟ ਕਰਦੇ ਨਜ਼ਰ ਆਏ ।
ਗੁਆਂਢੀ ਮੁਲਖ ਨਾਲ ਛਿੜੀ ਵਪਾਰਕ ਜੰਗ ਅਤੇ ਟਰੰਪ ਦੀਆਂ ਕੈਨੇਡਾ ਪ੍ਰਤੀ ਚੁਣੌਤੀਆਂ ਦਾ ਮਾਮਲਾ ਅੱਜ ਦੀ ਡਿਬੇਟ ‘ਚ ਕਾਫੀ ਚਰਚਾ ਦਾ ਵਿਸ਼ਾ ਰਿਹਾ । ਇਸ ਤੋਂ ਇਲਾਵਾ ਅਪਰਾਧ, ਹਾਊਸਿੰਗ ਮਾਰਕੀਟ ਅਤੇ ਆਰਥਿਕ ਸਮਰੱਥਾ, ਪਬਲਿਕ ਸੇਫਟੀ , ਗੰਨ ਕੰਟਰੋਲ ਅਤੇ ਚਾਰਟਰ ਨੂੰ ਅੱਖੋਂ ਪਰੋਖੇ ਕਰਕੇ ਅਪਰਾਧ ‘ਤੇ ਸਖਤ ਕਨੂੰਨ ਲਿਆਉਣ ਦਾ ਵਾਅਦਾ ਆਦਿ ਮੁੱਖ ਮੁੱਦੇ ਰਹੇ।
ਇਸ ਡਿਬੇਟ ‘ਚ ਨਾ ਤਾਂ ਮੀਡੀਆ ਨੂੰ ਸਵਾਲ ਕਰਨ ਦਾ ਮੌਕਾ ਦਿੱਤਾ ਗਿਆ ਅਤੇ ਨਾ ਹੀ ਪ੍ਰਮੁੱਖ ਪਾਰਟੀਆਂ ਵੱਲੋਂ ਲਾਗਤ ਯੋਜਨਾ ਜਾਰੀ ਕੀਤੀ ਗਈ ।
ਕਲੋਜਿੰਗ ਸਟੇਟਮੈਂਟ ‘ਚ ਮਾਰਕ ਕਾਰਨੀ ਨੇ ਕੈਨੇਡੀਅਨ ਨੂੰ ਟਰੰਪ ਦੀ ਟੈਰਿਫ ਚੁਣੌਤੀ ਤੋਂ ਬਚਾਉਣ , ਪੀਅਰ ਪੋਲੀਏਵਰ ਨੇ ਸਿੰਗਲ ਮਾਂ ਅਤੇ ਟੀਚਰਾਂ ਦੀ ਸਿੱਖਿਆ ਦਾ ਹਵਾਲਾ ਦੇ ਕਿ ਹਰ ਹਾਲਤ ‘ਚ ਸਫਲ ਹੋਣ , ਜਗਮੀਤ ਸਿੰਘ ਨੇ ਆਮ ਕੈਨੇਡੀਅਨ ਦੇ ਹਿਤਾਂ ਦੀ ਰੱਖਿਆ ਕਰਨ ਅਤੇ ਕਿਊਬੈੱਕ ਆਗੂ ਨੇ ਹਰ ਮਸਲੇ ‘ਚ ਆਪਣੇ ਸੂਬੇ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ।
ਕਿਊਬੈੱਕ ਆਗੂ ਨੂੰ ਸੱਠਵੇਂ ਜਨਮ ਦਿਨ ਦੀਆਂ ਵਧਾਈਆਂ ਨਾਲ ਚਰਚਾ ਦੀ ਸਮਾਪਤੀ ਹੋਈ ।