ਚੰਡੀਗੜ੍ਹ – ਵਿਲੀਅਮ ਸ਼ੈਕਸਪੀਅਰ ਦੀ ਬਰਸੀ ਮੌਕੇ ਕਿਤਾਬਾਂ ਪੜ੍ਹਨ ਅਤੇ ਪ੍ਰਕਾਸ਼ਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮਨੁੱਖੀ ਜੀਵਨ ਵਿਚ ਕਿਤਾਬਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਹਰੇਕ ਮਨੁੱਖ ਨੂੰ ਕਿਤਾਬਾਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਗਿਆਨ ਦੇ ਸਰੋਤ ਹਨ ਜੋ ਮਨੁੱਖਾਂ ਨੂੰ ਦਿਲਚਸਪੀ ਵਾਲੇ ਵਿਸ਼ਿਆਂ ਬਾਰੇ ਜਾਣਕਾਰੀ, ਨਵੇਂ ਸ਼ਬਦਾਂ ਨੂੰ ਯਾਦ ਰੱਖਣ ਅਤੇ ਸ਼ਬਦਾਵਲੀ ਦਾ ਵਿਸਤਾਰ ਕਰਨ ਦੇ ਯੋਗ ਬਣਾਉਂਦੀਆਂ ਹਨ। ਉਹਨਾਂ ਅੱਗੇ ਕਿਹਾ ਕਿ ਇਨ੍ਹਾਂ ਲਾਭਾਂ ਤੋਂ ਇਲਾਵਾ, ਕਿਤਾਬਾਂ ਸਾਨੂੰ ਲਿਖਣ ਦੇ ਨਵੇਂ ਹੁਨਰ ਸਿਖਾਉਂਦੀਆਂ ਹਨ। ਇਸ ਤੋਂ ਇਲਾਵਾ ਦਿਮਾਗ ਨੂੰ ਸਕਾਰਾਤਮਕ ਤੌਰ ‘ਤੇ ਕਾਰਜਸ਼ੀਲ ਰੱਖਣ ਦੇ ਨਾਲ ਨਾਲ ਭਾਸ਼ਾਵਾਂ ਬਾਰੇ ਤਾਜ਼ਾ ਜਾਣਕਾਰੀ ਦਿੰਦੀਆਂ ਹਨ ਅਤੇ ਕਲਪਨਾ ਤੇ ਗਿਆਨ ਨੂੰ ਵਧਾਉਂਦੀਆਂ ਹਨ।ਸ੍ਰੀ ਤ੍ਰਿਪਤ ਬਾਜਵਾ ਨੇ ਕਿਹਾ, “ਇਸ ਲਈ ਸਾਨੂੰ ਨੌਜਵਾਨ ਪੀੜ੍ਹੀ ਨੂੰ ਵੱਖ-ਵੱਖ ਵਿਸ਼ਿਆਂ ‘ਤੇ ਗਿਆਨ ਹਾਸਲ ਕਰਨ ਦੇ ਯੋਗ ਬਣਾ ਕੇ ਕਿਤਾਬਾਂ ਪੜ੍ਹਨ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਹਾਲਾਂਕਿ, ਅਸੀਂ ਵਿਸ਼ਵ ਕਿਤਾਬ ਦਿਵਸ ਨੂੰ ਆਪਣੇ ਵਿਦਿਅਕ ਅਦਾਰਿਆਂ ਵਿੱਚ ਮਨਾਉਂਦੇ ਹਾਂ ਪਰ ਕੋਵਿਡ-19 ਨੂੰ ਵੇਖਦਿਆਂ ਮੈਂ ਇਸ ਮਹੱਤਵਪੂਰਨ ਦਿਵਸ ਮੌਕੇ ਪੰਜਾਬ ਦੇ ਵਕੀਲ ਅਤੇ ਲੇਖਕ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੀ ਕਿਤਾਬ ‘ਬੁੱਕ ਇਜ਼ ਲਾਈਫ ਕੰਪੇਨਅਨ ਆਫ਼ ਵਿਸ਼ਡਮ’ ਦੀ ਘੁੰਢ ਚੁੱਕਾਈ ਕਰਦਾ ਹਾਂ ਜੋ ਵਿਸ਼ੇਸ਼ ਤੌਰ ‘ਤੇ ਤਸ਼ਵੀਰਾਂ ਰਾਹੀਂ ਵਿਸ਼ਵ ਕਿਤਾਬ ਦਿਵਸ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ।ਮੰਤਰੀ ਨੇ ਅੱਗੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਵਟਸਐਪ, ਫੇਸਬੁੱਕ, ਟਵਿੱਟਰ ਆਦਿ ਦੇ ਬਾਵਜੂਦ, ਕਿਤਾਬਾਂ ਗਿਆਨ ਦੇ ਮਹੱਤਵਪੂਰਣ ਸਰੋਤ ਹਨ ਜੋ ਵਧੇਰੇ ਦਿਲਚਸਪੀ ਵਾਲੇ ਵਿਸ਼ਿਆਂ ਬਾਰੇ ਸੋਚਣ ਦੇ ਯੋਗ ਬਣਾਉਂਦੀਆਂ ਹਨ ਜਿਸ ਨਾਲ ਮਨੁੱਖ ਮਹੱਤਵਪੂਰਨ ਫੈਸਲੇ ਲੈਣ ਦੇ ਯੋਗ ਬਣਦੇ ਹਨ। ਉਹਨਾਂ ਅੱਗੇ ਕਿਹਾ ਕਿ ਕਿਤਾਬਾਂ ਪੜ੍ਹਨ ਨਾਲ ਚੰਗੇ ਅਤੇ ਨਿਮਰ ਜੀਵਨ ਦੀ ਕਦਰਾਂ ਕੀਮਤਾਂ ਅਤੇ ਨੈਤਿਕਤਾ ਅਪਣਾਉਣ ਦੀ ਸੂਝ ਮਿਲਦੀ ਹੈ ਕਿਉਂਕਿ ਕਿਤਾਬਾਂ ਸਾਰਥਕ ਵਿਚਾਰ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਈ ਗੰਭੀਰ ਸਥਿਤੀ ਦੌਰਾਨ, ਕਿਤਾਬਾਂ ਲਾਕਡਾਊਨ ਵਿੱਚ ਕਿਸੇ ਵੀ ਮਨੁੱਖ ਦਾ ਸਰਬੋਤਮ ਸਾਥੀ ਬਣ ਸਕਦੀਆਂ ਹਨ।ਇਸ ਮੌਕੇ ਉਚੇਰੀ ਸਿੱਖਿਆ ਮੰਤਰੀ ਦੇ ਓਐਸਡੀ ਸ੍ਰੀ ਗੁਰਦਰਸ਼ਨ ਸਿੰਘ ਬਾਹੀਆ ਸਮੇਤ ਕਈ ਹੋਰ ਪਤਵੰਤੇ ਵੀ ਮੌਜੂਦ ਸਨ।