ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਕੋਰੋਨਾ ਵਾਇਰਸ ਪਾਜ਼ੇਟਿਵ ਹੋ ਗਏ ਹਨ। ਇਹ ਜਾਣਕਾਰੀ ਖ਼ੁਦ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਅੱਜ ਦੁਪਹਿਰ ਵੇਲੇ ਦਿੱਤੀ ਹੈ। ਰਾਹੁਲ ਨੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।ਉਨ੍ਹਾਂ ਨੇ ਟਵਿਟਰ ਤੇ ਲਿਖਿਆ ਹੈ ਕਿ ਹਲਕੇ ਲੱਛਣਾਂ ਦੇ ਅਨੁਭਵ ਤੋਂ ਬਾਅਦ ਉਹਨਾਂ ਨੇ ਕੋਵਿਡ-19 ਟੈਸਟ ਕਰਵਾਇਆ ਹੈ ਅਤੇ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਹਨਾਂ ਲਿਖਿਆ ਹੈ ਕਿ ਜੋ ਵੀ ਲੋਕ ਹਾਲ ਹੀ ਵਿੱਚ ਉਨ੍ਹਾਂ ਦੇ ਸੰਪਰਕ ਵਿੱਚ ਆਏ ਹਨ, ਉਹ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਰਹਿਣ।ਜਿਕਰਯੋਗ ਕਿ ਬੀਤੇ ਦਿਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਅਤੇ ਕਈ ਸਿਆਸੀ ਆਗੂ ਕੋਰੋਨਾ ਦੀ ਲਪੇਟ ਵਿੱਚ ਆ ਰਹੇ ਹਨ। ਕੋਰੋਨਾ ਦੇ ਰੋਜ਼ਾਨਾ ਕੇਸਾਂ ਦਾ ਅੰਕੜਾ ਢਾਈ ਲੱਖ ਤੋਂ ਪਾਰ ਜਾ ਰਿਹਾ ਹੈ ਅਤੇ ਲਗਾਤਾਰ ਵੱਧਦੇ ਕੋਰੋਨਾ ਦੇ ਕਹਿਰ ਦਰਮਿਆਨ ਕਈ ਸੂਬੇ ਵੀਕੈਂਡ ਜਾਂ ਮੁਕੰਮਲ ਲਾਕਡਾਊਨ ਲਗਾ ਰਹੇ ਹਨ। ਦਿੱਲੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਵੀ ਇਕ ਹਫਤੇ ਦਾ ਲਾਕਡਾਊਨ ਐਲਾਨਿਆ ਗਿਆ ਹੈ।