ਬਲਬੀਰ ਸਿੱਧੂ ਨੇ ਭਾਰਤ ਸਰਕਾਰ ਕੋਲ ਕੋਵਿਡ-19 ਵੈਕਸੀਨ ਦੀ ਘਾਟ ਦਾ ਮੁੱਦਾ ਚੁੱਕਿਆ
ਚੰਡੀਗੜ – ਜ਼ਿਲਾ ਪਠਾਨਕੋਟ ਪੰਜਾਬ ਭਰ ਵਿੱਚ ਸਭ ਤੋਂ ਵੱਧ ਲਾਭਪਾਤਰੀਆਂ ਦਾ ਕੋਵਿਡ -19 ਟੀਕਾਕਰਨ ਕਰਵਾ ਕੇ ਮੋਹਰੀ ਰਿਹਾ ਹੈ । ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਜਿਲਾ ਹਸਪਤਾਲ, ਮੁਹਾਲੀ ਵਿਖੇ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਲੈਣ ਤੋਂ ਬਾਅਦ ਕੀਤਾ।ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਭਾਰਤ ਸਰਕਾਰ ਨਾਲ ਵਰਚੁਅਲ ਮੀਟਿੰਗ ਦੌਰਾਨ ਪੰਜਾਬ ਵਿੱਚ ਕੋਵਿਡ-19 ਟੀਕੇ ਦੀ ਘਾਟ ਅਤੇ ਟੀਕੇ ਦੀ ਤੁਰੰਤ ਸਪਲਾਈ ਦਾ ਮੁੱਦਾ ਚੁੱਕਿਆ ਹੈ। ਇਸਦੇ ਨਾਲ ਹੀ ਰਾਜ ਨੂੰ ਵਧਦੇ ਕਰੋਨਾ ਮਾਮਲਿਆਂ ਦੇ ਮੱਦੇਨਜ਼ਰ ਆਕਸੀਜ਼ਨ ਭੰਡਾਰਾਂ ਵਿੱਚ ਆ ਰਹੀ ਆਕਸੀਜ਼ਨ ਦੀ ਕਮੀ ਕਾਰਨ ਸੂਬੇ ਵਿੱਚ ਦੋ ਨਵੇਂ ਆਕਸੀਜਨ ਪਲਾਂਟਾਂ ਲਈ ਫੌਰੀ ਪ੍ਰਵਾਨਗੀ ਦੀ ਵੀ ਮੰਗ ਕੀਤੀ ਹੈ।ਮੰਤਰੀ ਨੇ ਕਿਹਾ ਕਿ ਸਥਿਤੀ ਚਿੰਤਾਜਨਕ ਹੈ ਸੂਬੇ ਕੋਲ ਟੀਕੇ ਦਾ ਸਿਰਫ ਇੱਕ ਦਿਨ ਦਾ ਭੰਡਾਰ ਬਚਿਆ ਹੈ ਜਦੋਂ ਕਿ ਕੇਂਦਰ ਸਰਕਾਰ ਨੇ 1 ਮਈ, 2021 ਤੋਂ 18 ਸਾਲ ਤੋਂ ਵੱਧ ਉਮਰ ਦੀ ਸਾਰੀ ਆਬਾਦੀ ਨੂੰ ਟੀਕੇ ਲਗਾਉਣ ਦਾ ਐਲਾਨ ਵੀ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਸਿਹਤ ਦਾ ਮਜਬੂਤ ਬੁਨਿਆਦੀ ਢਾਂਚਾ ਹੈ ਅਤੇ 3000 ਤੋਂ ਵੱਧ ਸਰਕਾਰੀ ਸਿਹਤ ਕੇਂਦਰ ਵਿੱਚ ਇੱਕ ਦਿਨ ਦੌਰਾਨ ਘੱਟੋ- ਘੱਟ 3 ਲੱਖ ਮਰੀਜਾਂ ਨੂੰ ਟੀਕੇ ਲਗਾਉਣ ਲਈ ਸਮਰੱਥਾ ਹੈ। ਪਰ ਭਾਰਤ ਸਰਕਾਰ ਵੱਲੋਂ ਟੀਕੇ ਦੀ ਘੱਟ ਸਪਲਾਈ ਹੋਣ ਕਰਕੇ ਪੰਜਾਬ ਸਰਕਾਰ ਰੋਜ਼ਾਨਾ 2 ਲੱਖ ਵਿਅਕਤੀਆਂ ਦੇ ਟੀਕਾਕਰਨ ਦਾ ਟੀਚਾ ਪ੍ਰਾਪਤ ਕਰਨ ਵਿੱਚ ਅਸਮਰੱਥ ਹੈ।ਹੁਣ ਤੱਕ ਲਗਭਗ 23.4 ਲੱਖ ਵਿਅਕਤੀਆਂ ਨੂੰ ਕੋਵਿਡ -19 ਦਾ ਟੀਕਾ ਲਗਾਇਆ ਗਿਆ ਹੈ ਜਿਸ ਤਹਿਤ 1,69,268 ਹੈਲਥ ਕੇਅਰ ਵਰਕਰਾਂ ਨੂੰ ਪਹਿਲੀ ਖੁਰਾਕ , 81,104 ਹੈਲਥ ਕੇਅਰ ਵਰਕਰ ਨੂੰ ਦੂਜੀ ਖੁਰਾਕ, 3,14,427 ਫਰੰਟ ਲਾਈਨ ਯੋਧਿਆਂ ਨੂੰ ਪਹਿਲੀ ਖੁਰਾਕ ਅਤੇ 72,845 ਫਰੰਟ ਲਾਈਨ ਯੋਧਿਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਇਸੇ ਤਰਾਂ 45 ਤੋਂ ਵੱਧ ਉਮਰ ਦੇ 18,63,111 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਅਤੇ 90,172 ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।ਉਹਨਾਂ ਦੱਸਿਆ ਕਿ ਕੋਵਿਡ -19 ਦੇ ਇਲਾਜ ਅਤੇ ਪ੍ਰਬੰਧਨ ਸੇਵਾਵਾਂ ਨੂੰ ਮਜਬੂਤ ਕਰਨ ਲਈ ਰਾਜ ਸਰਕਾਰ ਨੇ 16 ਹੋਰ ਨਿੱਜੀ ਹਸਪਤਾਲਾਂ ਦੀ ਸ਼ਨਾਖਤ ਕੀਤੀ ਹੈ ਜਿੱਥੇ ਗੰਭੀਰ ਰੂਪ ਵਿੱਚ ਪ੍ਰਭਾਵਿਤ ਮਰੀਜਾਂ ਲਈ ਟਰਸ਼ਰੀ ਪੱਧਰ ਦੀਆਂ ਸਹੂਲਤਾਂ ਉਪਲਬਧ ਹਨ। ਉਨਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਲੋੜੀਂਦੇ ਐਲ-2, ਐੱਲ-3 ਅਤੇ ਵੈਂਟੀਲੇਟਰਾਂ ਵਾਲੇ ਬੈੱਡ ਮੌਜੂਦ ਹਨ। .ਉਨਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਲਈ ਕੋਵਿਡ -19 ਸਬੰਧੀ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਅਤੇ ਸਰਕਾਰ ਵਲੋਂ ਸਰਕਾਰੀ ਕੇਂਦਰਾਂ ਵਿੱਚ ਕੀਤੇ ਜਾ ਰਹੇ ਮੁਫਤ ਕੋਵਿਡ -19 ਟੀਕਾਕਰਣ ਦਾ ਵੱਧ ਤੋਂ ਵੱਧ ਲਾਭ ਲੈਣ।