ਚੰਡੀਗੜ੍ਹ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਵਿਚ ਇਸ ਸਮੇਂ ਕਰੀਬ 42 ਹਜਾਰ ਕੋਰੋਨਾ ਸੰਕ੍ਰਮਿਤ ਮਾਮਲੇ ਹਨ, ਜਿਨ੍ਹਾਂ ਵਿੱਚੋਂ ਕਰੀਬ 30 ਹਜਾਰ ਹੋਮ ਆਈਸੋਲੇਸ਼ਨ ਵਿਚ ਹਨ।ਸ੍ਰੀ ਵਿਜ ਨੇ ਕਿਹਾ ਕਿ ਸਿਹਤ ਅਤੇ ਆਯੂਸ਼ ਵਿਭਾਗ ਵੱਲੋਂ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਮਰੀਜਾਂ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ। ਇੰਨ੍ਹਾਂ ਦੀ ਦੇਖਭਾਲ ਦੇ ਲਈ ਕਿੱਟ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿਚ ਕੋਰੋਨਾ ਦੇ ਉਪਚਾਰ ਤਹਿਤ ਦਵਾਈਆਂ, ਪਲੱਸ ਆਕਸੀਮੀਟਰ, ਕੋਰੋਨਾ ਤੋਂ ਬਚਾਅ ਸਬੰਧੀ ਸਾਹਿਤ ਅਤੇ ਹੋਰ ਜਰੂਰੀ ਸਮੱਗਰੀ ਸ਼ਾਮਿਲ ਹੋਵੇਗੀ। ਇੰਨ੍ਹਾਂ ਕਿੱਟਸ ਸਮੇਤ ਡਾਕਟਰਾਂ ਦੀਆਂ ਟੀਮਾਂ ਦੋ ਦਿਨ ਵਿਚ ਇਕ ਵਾਰ ਘਰ-ਘਰ ਜਾ ਕੇ ਕੋਰੋਨਾ ਮਰੀਜਾਂ ਦੀ ਜਾਂਚ ਅਤੇ ਉਪਚਾਰ ਕਰੇਗੀ।ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਕੋਰੋਨਾ ਦੀ ਰੋਕਥਾਮ ਅਤੇ ਇਲਾਜ ‘ਤੇ ਕੰਮ ਕਰ ਰਹੀ ਹੈ। ਇੰਨ੍ਹਾਂ ਦੋਨਾਂ ‘ਤੇ ਸਿਹਤ ਵਿਭਾਗ ਨੂੰ ਪੂਰਾ ਧਿਆਨ ਕੇਂਦ੍ਰਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਨ੍ਹਾਂ ਜਿਲ੍ਹਿਆਂ ਵਿਚ ਕੋਰੋਨਾ ਦੇ ਵੱਧ ਮਰੀਜ ਹਨ ਉੱਥੇ ਵਿਸ਼ੇਸ਼ ਸਾਵਧਾਨੀ ਵਰਤੀ ਜਾ ਰਹੀ ਹੈ। ਸੂਬੇ ਵਿਚ ਕੋਰੋਨਾ ਨਾਲ ਪ੍ਰਭਾਵਿਤ ਕੁੱਲ ਮਰੀਜਾਂ ਵਿੱਚੋਂ 12 ਹਜਾਰ ਮਰੀਜ ਹਸਪਤਾਲਾਂ ਵਿਚ ਉਪਚਾਰਧੀਨ ਹਨ। ਇੰਨ੍ਹਾਂ ਮਰੀਜਾਂ ਦਾ ਹਸਪਤਾਲਾਂ ਵਿਚ ਪੂਰੀ ਤਰ੍ਹਾ ਨਾਲ ਉਪਚਾਰ ਕੀਤਾ ਜਾ ਰਿਹਾ ਹੈ।