ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਟਿੱਕਰੀ ਬਾਰਡਰ ਲਾਗੇ ਵੱਡੀ ਗਿਣਤੀ ਵਿੱਚ ਜੁੜੀਆਂ ਔਰਤਾਂ ਸਮੇਤ ਵੱਡੇ ਇਕੱਠ ਨੇ ਕੇਂਦਰ ਸਰਕਾਰ ਦੀ ਚਿੱਠੀ ਸਮੇਤ ਸਾਰੀਆਂ ਸੋਧਾਂ ਨੂੰ ਰੱਦ ਕਰਕੇ ਮੋਦੀ ਹਕੂਮਤ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਰਾਰ ਦਿੰਦਿਆਂ ਇਹਨਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ । ਇਸ ਮੌਕੇ 27 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਮੌਕੇ ਥਾਂ ਥਾਂ ਵਿਆਪਕ ਰੋਸ ਪ੍ਰਗਟਾਵੇ ਦੇ ਸੱਦੇ ਨੂੰ ਸਫਲ ਬਣਾਉਣ ਦੀ ਅਪੀਲ ਵੀ ਕੀਤੀ ਗਈ।ਇਸੇ ਦੌਰਾਨ ਬਰਨਾਲਾ ਜਿਲੇ ਦੇ ਪੰਜ ਕਿਸਾਨਾਂ ਮਲਕੀਤ ਸਿੰਘ ਹੇੜੀਕੇ, ਬੂਟਾ ਸਿੰਘ ਗੰਡੇਵਾਲ, ਕੁਲਵੰਤ ਸਿੰਘ ਠੁੱਲੀਵਾਲ, ਹਰਜਿੰਦਰ ਸਿੰਘ ਤੇ ਹਾਕਮ ਸਿੰਘ ਗਹਿਲਾ ਨੇ ਮੋਦੀ ਸਰਕਾਰ ਦਾ ਤਾਨਾਸ਼ਾਹ ਵਤੀਰੇ ਅਤੇ ਖੇਤੀ ਕਾਨੂੰਨਾਂ ਖਿਲਾਫ ਭੁੱਖ ਹੜਤਾਲ ਰੱਖੀ।ਅੱਜ ਜੁੜੇ ਵਿਸ਼ਾਲ ਇਕੱਠ ’ਚ ਉੱਘੇ ਪੰਜਾਬੀ ਕਲਾਕਾਰ ਗੁਰਵਿੰਦਰ ਬਰਾੜ ਤੇ ਮਨ ਸ਼ੇਰੋਂਵਾਲਾਵੀ ਨੇ ਹਾਜਰੀ ਲਵਾਈ ਅਤੇ ਖੇਤੀ ਕਾਨੂੰਨਾਂ ਨੂੰ ਮੁਲਕ ਲਈ ਮਾਰੂ ਕਰਾਰ ਦਿੱਤਾ। ਉਹਨਾਂ ਸਮੂਹ ਦੇਸ਼ ਵਾਸੀਆਂ ਨੂੰ ਇਹਨਾਂ ਕਾਲੇ ਕਾਨੂੰਨਾਂ ਦੇ ਵਿਰੋਧ ਦਾ ਸੱਦਾ।ਇਸ ਮੌਕੇ ਯੂਨੀਅਨ ਦੇ ਮਹਿਲਾ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ, ਜਰਨੈਲ ਸਿੰਘ ਜਵੰਧਾ ਪਿੰਡੀ, ਸੱਤਪਾਲ ਸਿੰਘ,ਗੁਰਬਾਜ ਸਿੰਘ,ਤੋਂ ਇਲਾਵਾ ਹਰਿਆਣਾ ਦੇ ਕਿਸਾਨ ਆਗੂ ਰਵਿੰਦਰ ਹਿਸਾਰ , ਜਨਵਾਦੀ ਸਮਿਤੀ ਹਰਿਆਣਾ ਦੀ ਆਗੂ ਸਵਿਤਾ ਰਜੀਆ,ਪੰਜ ਮੈਂਬਰੀ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵੰਤ ਸਿੰਘ ਵਲਟੋਹਾ, ਜਲ ਸਪਲਾਈ ਤੇ ਸੈਨੀਟੇਸਨ ਠੇਕਾ ਮੁਲਾਜਮਾਂ ਦੇ ਆਗੂ ਵਰਿੰਦਰ ਸਿੰਘ ਮੋਮੀ,ਪੀ ਐਸ ਯੂ ਦੇ ਆਗੂ ਰਮਨ ਸਿੰਘ ਕਾਲਾਝਾੜ, ਪੈਨਸਨਰ ਐਸੋਸੀਏਸ਼ਨ ਦੇ ਆਗੂ ਗੁਰਪ੍ਰੀਤ ਸਿੰਘ ਔਲਖ ,ਨੰਬਰਦਾਰ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਕਿੱਲੀ ਆਦਿ ਆਗੂਆਂ ਨੇ ਸੰਬੋਧਨ ਕੀਤਾ।ਕਿਸਾਨ ਯੂਨੀਅਨ ਦੀ ਆਗੂ ਹਰਿੰਦਰ ਕੌਰ ਬਿੰਦੂ ਨੇ ਆਖਿਆ ਕਿ ਅੱਜ ਜਿਵੇਂ ਹਰਿਆਣਾ ‘ਚ ਟੋਲ ਫਰੀ ਦੇ ਸੱਦੇ ਤਹਿਤ ਹਰਿਆਣਾ ਦੇ ਲੋਕਾਂ ਵੱਲੋਂ ਭਰਵੀਂ ਸ਼ਮੂਲੀਅਤ ਕਰਨ ਤੋਂ ਇਲਾਵਾ ਕੱਲ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੋਟਾਲਾ ਦੇ ਦੌਰੇ ਦੌਰਾਨ ਹਰਿਆਣਾ ਦੇ ਕਿਸਾਨਾਂ ਵੱਲੋਂ ਕੀਤੇ ਵਿਲੱਖਣ ਤੇ ਤਿੱਖੇ ਵਿਰੋਧ ਸਮੇਤ ਉਹ ਦਿੱਲੀ ਮੋਰਚਿਆਂ ਚ ਰੋਜਾਨਾ ਵਿਸ਼ਾਲ ਗਿਣਤੀ ’ਚ ਪੁੱਜ ਰਹੇ ਹਨ। ਉਹਨਾਂ ਆਖਿਆ ਕਿ ਹਰਿਆਣਾ ਦੇ ਲੋਕਾਂ ਵੱਲੋਂ ਮੁੱਖ ਮੰਤਰੀ ਖੱਟਰ ਤੇ ਭਾਜਪਾ ਆਗੂਆਂ ਦੇ ਇਸ ਘੋਲ ਨੂੰ ਸਿਰਫ ਪੰਜਾਬ ਦੇ ਕਿਸਾਨਾਂ ਦਾ ਘੋਲ ਦੱਸਣ ਵਾਲੇ ਕੂੜ ਪ੍ਰਚਾਰ ਦਾ ਠੋਕਵਾਂ ਜਵਾਬ ਦਿੱਤਾ ਜਾ ਰਿਹਾ ਹੈ।ਉਹਨਾਂ ਆਖਿਆ ਕਿ ਮੋਦੀ ਸਰਕਾਰ ਇਸ ਘੋਲ ਨੂੰ ਲਟਕਾਉਣ ਤੇ ਬਦਨਾਮ ਕਰਨ ਦਾ ਭਰਮ ਪਾਲ ਰਹੀ ਹੈ ਪਰੰਤੂ ਜਿਉਂ ਜਿਉਂ ਘੋਲ ਲੰਮਾਂ ਹੋ ਰਿਹਾ ਹੈ ਤਿਉਂ ਤਿਉਂ ਇਸਦਾ ਘੇਰਾ ਹੋਰ ਵਧਦਾ ਜਾ ਰਿਹਾ ਹੈ।ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਅੱਜ ਦੇ ਹਰਿਆਣਾ ਟੋਲ ਫਰੀ ਐਕਸ਼ਨ ਵਿੱਚ ਉਨਾਂ ਦੇ ਵਰਕਰਾਂ ਵੱਲੋਂ ਮਨਜੀਤ ਸਿੰਘ ਨਿਆਲ ਤੇ ਕੁਲਵੰਤ ਰਾਏ ਸ਼ਰਮਾ ਦੀ ਅਗਵਾਈ ਚ ਸ਼ਮੂਲੀਅਤ ਕਰਕੇ ਭਰਾਤਰੀ ਮੋਢਾ ਵੀ ਲਾਇਆ।