ਚੇਨੱਈ – ਇੰਡੀਅਨ ਪ੍ਰੀਮੀਅਰ ਲੀਗ ਦੇ 6ਵੇਂ ਲੀਗ ਮੁਕਾਬਲੇ ’ਚ ਰੌਇਲ ਚੈਲੰਜਰਸ ਬੰਗਲੌਰ ਨੇ ਹੈਦਰਾਬਾਦ ਨੂੰ 6 ਦੌੜਾਂ ਨਾਲ ਹਰਾ ਦਿੱਤਾ ਹੈ। ਹੈਦਰਾਬਾਦ ਦੀ ਟੀਮ 150 ਦੌੜਾਂ ਦੇ ਟੀਚਾ ਦਾ ਪਿੱਛਾ ਕਰਦਿਆਂ ਨਿਰਧਾਰਿਤ 20 ਓਵਰਾਂ ’ਚ 9 ਵਿਕਟਾਂ ਗੁਆ ਕੇ 143 ਦੌੜਾਂ ਹੀ ਬਣਾ ਸਕੀ। ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ 54 ਦੌੜਾਂ ਅਤੇ ਮਨੀਸ਼ ਪਾਂਡੇ ਨੇ 38 ਦੌੜਾਂ ਬਣਾਉਂਦਿਆਂ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿੱਚ ਸਫਲ ਨਾ ਹੋ ਸਕੇ। ਜੌਨੀ ਬੇਅਰਸਟੋਅ ਨੇ 12 ਜਦਕਿ ਅਤੇ ਰਾਸ਼ਿਦ ਖ਼ਾਨ ਨੇ 17 ਦੌੜਾਂ ਦਾ ਯੋਗਦਾਨ ਦਿੱਤਾ ਪਰ ਬੰਗਲੌਰ ਦੇ ਗੇਂਦਬਾਜ਼ਾਂ ਦੀ ਕੱਸੀ ਹੋਈ ਗੇਂਦਬਾਜ਼ੀ ਅੱਗੇ ਉਹ ਵੀ ਟੀਮ ਨੂੰ ਜਿੱਤ ਨਾ ਦਿਵਾ ਸਕੇ। ਹੈ। ਹੈਦਰਾਬਾਦ ਵੱਲੋਂ ਸ਼ਾਹਬਾਜ਼ ਅਹਿਮਦ ਨੇ 3, ਹਰਸ਼ਲ ਪਟੇਲ ਤੇ ਮੁਹੰਮਦ ਸਿਰਾਜ ਨੇ 2-2 ਵਿਕਟਾਂ ਲਈਆਂ ਜਦਕਿ ਕੇਲ ਜੇਮੀਸਨ ਨੂੰ ਇੱਕ ਵਿਕਟ ਮਿਲੀ। ਇਸ ਤੋਂ ਪਹਿਲਾਂ ਰੌਇਲ ਚੈਲੰਜਰਸ ਬੰਗਲੌਰ ਦੀ ਟੀਮ ਨੇ ਸਨਰਾਈਜਰਸ ਹੈਦਰਾਬਾਦ ਨੂੰ ਜਿੱਤ ਲਈ 150 ਦੌੜਾਂ ਦਾ ਟੀਚਾ ਦਿੱਤਾ। ਟੀਮ ਵੱਲੋਂ ਕਪਤਾਨ ਵਿਰਾਟ ਕੋਹਲੀ ਨੇ 33 ਅਤੇ ਗਲੇਨ ਮੈਕਸਵੈੱਲ ਨੇ 53 ਦੌੜਾਂ ਬਣਾਈਆ। ਇਸ ਤੋਂ ਪਹਿਲਾਂ ਚੇਨੱਈ ਦੇ ਐੱਮ.ਏ. ਚਿਦੰਬਰਮ ਸਟੇਡੀਅਮ ’ਚ ਸਨਰਾਈਜਰਸ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਰੌਇਲ ਚੈਲੰਜਰਸ ਬੰਗਲੌਰ ਦੀ ਸ਼ੁਰੂਆਤ ਚੰਗੀ ਨਾ ਰਹੀ ਅਤੇ ਉਸ ਦਾ ਸਲਾਮੀ ਬੱਲੇਬਾਜ਼ ਦੇਵੀਦੱਤ ਪੱਡੀਕਲ 13 ਦੌੜਾਂ ਬਣਾ ਕੇ ਤੀਜੇ ਓਵਰ ’ਚ ਹੀ ਆਊਟ ਹੋ ਗਿਆ, ਜਿਸ ਦੀ ਵਿਕਟ ਭੁਵਨੇਸ਼ਵਰ ਕੁਮਾਰ ਨੇ ਲਈ। ਇਸ ਮਗਰੋਂ ਸ਼ਾਹਬਾਜ਼ ਅਹਿਮਦ ਵੀ 14 ਦੌੜਾ ਬਣਾ ਕੇ ਚੱਲਦਾ ਬਣਿਆ। ਬਾਅਦ ਵਿੱਚ ਕਪਤਾਨ ਕੋਹਲੀ ਅਤੇ ਗਲੇਨ ਮੈਕਸਵੈੱਲ ਨੇ ਹੈਦਰਾਬਾਦ ਦੇ ਗੇਂਦਬਾਜ਼ਾਂ ਦਾ ਸਾਹਮਣਾ ਕਰਦਿਆਂ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਣ ’ਚ ਮਦਦ ਕੀਤੀ। ਟੀਮ ਨੇ ਨਿਰਧਾਰਿਤ 20 ਓਵਰਾਂ ’ਚ 8 ਵਿਕਟਾਂ ਗੁਆ ਕੇ 149 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 33 ਜਦਕਿ ਮੈਕਸਵੈੱਲ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡਦਿਆਂ 59 ਦੌੜਾਂ ਦਾ ਯੋਗਦਾਨ ਦਿੱਤਾ। ਟੀਮ ਦੇ ਬਾਕੀ ਬੱਲੇਬਾਜ਼ ਕੁਝ ਖਾਸ ਪ੍ਰਦਰਸ਼ਨ ਨਾ ਕਰ ਸਕੇ। ਹੈਦਰਾਬਾਦ ਵੱਲੋਂ ਗੇਂਦਬਾਜ਼ ਜੇਸਨ ਹੋਲਡਰ ਨੇ 3 ਅਤੇ ਰਾਸ਼ਿਦ 2 ਵਿਕਟਾਂ ਲਈਆਂ ਜਦਕਿ ਭੁਵਨੇਸ਼ਵਰ ਕੁਮਾਰ, ਸ਼ਾਹਬਾਜ਼ ਨਦੀਮ ਅਤੇ ਟੀ. ਨਟਰਾਜਨ ਨੂੰ ਇੱਕ-ਇੱਕ ਵਿਕਟ ਮਿਲੀ।