97 ਕਰੋੜ ਰੁਪਏ ਦੀ ਲਾਗਤ ਨਾਲ 42 ਏਕੜ ਰਕਬੇ ਵਿੱਚ ਕੀਤੀ ਜਾਵੇਗੀ ਪਹਿਲੇ ਪੜਾਅ ਦੀ ਉਸਾਰੀ
ਚੰਡੀਗੜ – ਸ੍ਰੀ ਚਮਕੌਰ ਸਾਹਿਬ ਵਿਖੇ ਸਕਿੱਲ ਯੂਨੀਵਰਸਿਟੀ ਦੀ ਉਸਾਰੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਮਈ ਪ੍ਰਾਜੈਕਟ ਜਲਦ ਹੀ ਹਕੀਕਤ ਬਣਨ ਜਾ ਰਿਹਾ ਹੈ। ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਤਹਿਤ ਸ੍ਰੀ ਚਮਕੌਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦੀ ਉਸਾਰੀ ਦਾ ਕਾਰਜ ਧਾਰਮਿਕ ਅਰਦਾਸ ਤੋਂ ਬਾਅਦ ਕੱਲ ਸ਼ੁਰੂ ਹੋ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਇਹ ਆਲਮੀ ਦਰਜੇ ਦੀ ਸਕਿੱਲ ਯੂਨੀਵਰਸਿਟੀ ਸਥਾਪਤ ਕਰਨ ਵੱਲ ਪਹਿਲਾ ਕਦਮ ਹੈ ਜਿਸ ਨਾਲ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਅਤੇ ਉਨਾਂ ਨੂੰ ਉਦਯੋਗ ਦੀਆਂ ਮੰਗਾਂ ਅਨੁਸਾਰ ਰੋਜ਼ਗਾਰ ਦੇ ਯੋਗ ਬਣਾਉਣ ਵਿੱਚ ਮਦਦ ਮਿਲੇਗੀ।ਉਨਾਂ ਅੱਗੇ ਕਿਹਾ ਕਿ ਸਕਿੱਲ ਇੰਸਟੀਚਿਊਟ ਦੇ ਪਹਿਲੇ ਪੜਾਅ ਦੇ ਉਸਾਰੀ ਕਾਰਜਾਂ ਦੀ ਕੁਲ ਲਾਗਤ 97 ਕਰੋੜ ਰੁਪਏ ਹੈ ਜੋ ਅਲਾਟ ਹੋ ਗਏ ਹਨ। ਸ੍ਰੀ ਚੰਨੀ ਨੇ ਕਿਹਾ ਕਿ ਇਹ ਫੰਡ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵੱਲੋਂ ਤਕਨੀਕੀ ਸਿੱਖਿਆ ਵਿਭਾਗ ਦੀ ਦੇਖ-ਰੇਖ ਹੇਠ ਮੁਹੱਈਆ ਕਰਵਾਏ ਜਾਣਗੇ। ਉਨਾਂ ਕਿਹਾ ਕਿ ਇਹ ਕੰਮ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੁਆਰਾ ਚਲਾਇਆ ਜਾ ਰਿਹਾ ਹੈ ਅਤੇ ਪਹਿਲੇ ਪੜਾਅ ਦੀ ਉਸਾਰੀ 42 ਏਕੜ ਰਕਬੇ ਵਿੱਚ ਕੀਤੀ ਜਾਵੇਗੀ।
ਸ੍ਰੀ ਚੰਨੀ ਨੇ ਕਿਹਾ ਕਿ ਉਨਾਂ ਨੂੰ ਉਮੀਦ ਹੈ ਕਿ ਇਹ ਸਕਿੱਲ ਇੰਸਟੀਚਿਊਟ, ਜਿਸ ਨੂੰ ਆਲਮੀ ਦਰਜੇ ਦੀ ਸਕਿੱਲ ਯੂਨੀਵਰਸਿਟੀ ਵਜੋਂ ਵਿਕਸਿਤ ਕੀਤਾ ਜਾਵੇਗਾ, ਦੇ ਬਣਨ ਨਾਲ ਇਸ ਖੇਤਰ ਦੇ ਨੌਜਵਾਨਾਂ ਖ਼ਾਸਕਰ ਇਤਿਹਾਸਕ ਕਸਬੇ ਸ੍ਰੀ ਚਮਕੌਰ ਸਾਹਿਬ ਦੇ ਰਹਿਣ ਵਾਲਿਆਂ ਲਈ ਵਧੇਰੇ ਮੌਕੇ ਪੈਦਾ ਹੋਣਗੇ ਜਿਸ ਨਾਲ ਨੌਜਵਾਨਾਂ ਨੂੰ ਆਪਣੇ ਹੁਨਰ ਨੂੰ ਨਿਖ਼ਾਰਨ ਅਤੇ ਸੂਚਨਾ ਤਕਨਾਲੋਜੀ ਅਧਾਰਤ ਇਸ ਮਾਹੌਲ ਵਿੱਚ ਰੋਜ਼ਗਾਰ ਦੇ ਵਧੇਰੇ ਮੌਕੇ ਹਾਸਲ ਹੋਣਗੇ।ਪ੍ਰਾਜੈਕਟ ਇੰਚਾਰਜ ਸਬ ਡਵੀਜ਼ਨਲ ਅਧਿਕਾਰੀ ਰਾਜੀਵ ਅਰੋੜਾ ਨੇ ਦੱਸਿਆ ਕਿ ਪਹਿਲੇ ਪੜਾਅ ਅਧੀਨ ਕੁੱਲ 4.23 ਲੱਖ ਵਰਗ ਫੁੱਟ ਖੇਤਰ ਕਵਰ ਕੀਤਾ ਜਾਵੇਗਾ ਅਤੇ ਇਸ ਵਿੱਚ ਵਖ ਵੱਖ ਬਲਾਕ ਜਿਵੇਂ ਅਕਾਦਮਿਕ, ਇੰਜੀਨੀਅਰਿੰਗ, ਫਾਰਮੈਸੀ, ਆਈ.ਟੀ. ਅਤੇ ਸਾਂਝੇ ਸਰੋਤ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਇਸ ਵਿਚ ਆਡੀਟੋਰੀਅਮ, ਲਾਇਬ੍ਰੇਰੀ, ਖੇਡ ਸਟੇਡੀਅਮ, ਦੁਕਾਨਾਂ, ਵਰਕਸ਼ਾਪ ਆਦਿ ਵੀ ਸ਼ਾਮਲ ਹੋਣਗੇ।