ਸਿਡਨੀ – ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਹਾੱਕਸਬਰੀ ਨਦੀ ਤੇ ਇਕ ਕਿਸ਼ਤੀ ਵਿਚ ਅੱਗ ਲੱਗ ਗਈ, ਜਿਸ ਨਾਲ ਜ਼ੋਰਦਾਰ ਧਮਾਕਾ ਹੋਇਆ। ਇਸ ਹਾਦਸੇ ਵਿਚ ਘੱਟੋ ਘੱਟ 8 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ।ਪ੍ਰਾਪਤ ਜਾਣਕਾਰੀ ਮੁਤਾਬਿਕ ਜਦੋਂ ਧਮਾਕਾ ਹੋਇਆ ਉਦੋ ਕਿਸ਼ਤੀ ਇੱਕ ਮਰੀਨਾ ਵਿਖੇ ਈਂਧਨ ਭਰ ਰਹੀ ਸੀ। ਘਟਨਾ ਵਾਲੀ ਥਾਂ ਤੇ ਐਮਰਜੈਂਸੀ ਸੇਵਾਵਾਂ, ਜਿਨ੍ਹਾਂ ਵਿਚ 12 ਐਂਬੂਲੈਂਸ ਚਾਲਕ ਦਲ, ਇਕ ਮਾਹਰ ਮੈਡੀਕਲ ਟੀਮ ਅਤੇ ਦੋ ਹੈਲੀਕਾਪਟਰ ਮੌਜੂਦ ਸਨ। ਅੱਠ ਵਿਅਕਤੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿਚੋਂ ਚਾਰ ਮਰੀਜ਼ਾਂ ਦੇ ਸਰੀਰ 60 ਪ੍ਰਤੀਸ਼ਤ ਤੋਂ ਵੱਧ ਸੜ ਗਏ ਸਨ।ਜਾਣਕਾਰੀ ਮੁਤਾਬਿਕ ਬਾਕੀ ਜ਼ਖਮੀ ਘੱਟ ਜਲਣ ਅਤੇ ਧੂੰਏਂ ਦੇ ਇਨਫੈਕਸ਼ਨ ਨਾਲ ਪੀੜਤ ਹਨ। ਸੂਬਾਈ ਐਂਬੂਲੈਂਸ ਇੰਸਪੈਕਟਰ, ਡੇਵਿਡ ਮੌਰਿਸ ਨੇ ਕਿਹਾ ਕਿ ਇਸ ਵੇਲੇ ਰਾਇਲ ਨੌਰਥ ਸ਼ੋਰ ਵਿਖੇ ਸਾਡੇ ਕੋਲ ਇਕ ਨਾਜ਼ੁਕ ਹਾਲਤ ਵਿਚ ਅਤੇ ਤਿੰਨ ਗੰਭੀਰ ਮਰੀਜ਼ ਹਨ। ਅਸੀਂ ਅਜੇ ਵੀ ਕੋਂਕੋਰਡ ਅਤੇ ਵੈਸਟਮੀਡ ਵਿਖੇ ਦੂਜੇ ਦੋ ਮਰੀਜ਼ਾਂ ਬਾਰੇ ਅਪਡੇਟ ਦੀ ਉਡੀਕ ਕਰ ਰਹੇ ਹਾਂ। ਦੱਸਿਆ ਗਿਆ ਹੈ ਕਿ ਅੱਗ ਨਾਲ ਘਿਰੀ ਕਿਸ਼ਤੀ ਵਿਚੋਂ ਕੁਝ ਬੱਚਿਆਂ ਨੂੰ ਸੁਰੱਖਿਅਤ ਬਚਾਇਆ ਗਿਆ। ਐਮਰਜੈਂਸੀ ਸੇਵਾਵਾਂ ਨੇ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਂ ਅਤੇ ਬੱਚਿਆਂ ਨੂੰ ਕੋਈ ਸੱਟ ਨਹੀਂ ਲੱਗੀ। ਫਿਲਹਾਲ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।