ਸਰੀ, 6 ਜੂਨ 2020 – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਪਾਰਲੀਮੈਂਟ ਹਿੱਲ, ਔਟਵਾ ਵਿਖੇ ਨਸਲਵਾਦ ਵਿਰੋਧੀ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਕਾਲੇ ਕੱਪੜੇ ਦਾ ਮਾਸਕ ਪਹਿਨਿਆ ਹੋਇਆ ਸੀ। ਜਸਟਿਨ ਟਰੂਡੋ ਨੇ ਵੱਡੀ ਭੀੜ ਵਿਚ ਸ਼ਾਮਲ ਲੋਕਾਂ ਵਾਂਗ 8 ਮਿੰਟ ਅਤੇ 46 ਸੈਕਿੰਡ ਲਈ ਸੱਜਾ ਗੋਡਾ ਵੀ ਜ਼ਮੀਨ ਤੇ ਟੇਕਿਆ। ਉਨ੍ਹਾਂ ਤਾੜੀਆਂ ਨਾਲ ਬੁਲਾਰਿਆਂ ਦੀ ਆਵਾਜ਼ ਨੂੰ ਹੁੰਗਾਰਾ ਵੀ ਦਿੱਤਾ। ਟਰੂਡੋ ਨੇ ਭੀੜ ਵਿਚ ਆਮ ਲੋਕਾਂ ਵਾਂਗ ਵਿਚਰਨ ਦੀ ਕੋਸ਼ਿਸ਼ ਕੀਤੀ ਪਰ ਟੀਵੀ ਕੈਮਰੇ ਅਤੇ ਆਰਸੀਐਮਪੀ ਦੀ ਸੁਰੱਖਿਆ ਕਾਰਨ ਉਨ੍ਹਾਂ ਦੀ ਮੌਜੂਦਗੀ ਨੂੰ ਆਲੇ ਦੁਆਲੇ ਦੇ ਲੋਕਾਂ ਵਿਚ ਨਸ਼ਰ ਕਰ ਦਿੱਤਾ। ਉਨ੍ਹਾਂ ਆਪਣੀ ਸੁੱਰਖਿਆ ਫੋਰਸ ਨੂੰ ਇਹ ਵੀ ਕਿਹਾ ਕਿ ਕਿਸੇ ਵੀ ਉਨ੍ਹਾਂ ਦੇ ਨੇੜੇ ਆਉਣ ਤੋਂ ਰੋਕਿਆ ਨਾ ਜਾਵੇ।
ਓਟਾਵਾ ਵਿਖੇ ਇਹ ਰੋਸ ਪ੍ਰਦਰਸ਼ਨ “ਨੋ ਪੀਸ ਅਨਟਿਲ ਜਸਟਿਸ” ਵੱਲੋਂ ਉਲੀਕਿਆ ਗਿਆ ਸੀ, ਜਿਸ ਦਾ ਟੀਚਾ ਕਾਲੇ ਕਾਰਕੁਨਾਂ ਅਤੇ ਸੰਗਠਨਾਂ ਅਤੇ ਸਹਿਯੋਗੀ ਸੰਗਠਨਾਂ ਨੂੰ ਪੁਲਿਸ ਦੀ ਬੇਰਹਿਮੀ ਅਤੇ ਸਮਾਜਿਕ ਨਸਲਵਾਦ ਵਿਰੁੱਧ ਇਕਮੁੱਠ ਕਰਨਾ ਸੀ।