ਅੰਮ੍ਰਿਤਸਰ – ਹੋਲਾ ਮਹੱਲਾ ਦੌਰਾਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋਲਾ ਮਹੱਲਾ ਮਨਾ ਰਹੀਆਂ ਸਿੱਖ ਸੰਗਤਾਂ ਦੀ ਪੁਲਿਸ ਨਾਲ ਹੋਈ ਝੜਪ ਤੋਂ ਬਾਅਦ ਸ਼ਰਧਾਲੂਆਂ ’ਤੇ ਕੀਤੀ ਜਾ ਰਹੀ ਕਾਰਵਾਈ ਖਿਲਾਫ਼ ਸ਼੍ਰੋਮਣੀ ਕਮੇਟੀ ਦਾ ਇਕ ਪੰਜ ਮੈਂਬਰੀ ਵਫ਼ਦ ਜਲਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰੇਗਾ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦਫ਼ਤਰ ਤੋਂ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਦਿੱਤੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹੋਲਾ ਮਹੱਲਾ ਸਿੱਖ ਕੌਮ ਲਈ ਇਕ ਅਹਿਮ ਦਿਹਾੜਾ ਹੈ, ਜਿਸ ਨੂੰ ਸਿੱਖ ਸੰਗਤਾਂ ਹਰ ਸਾਲ ਖ਼ਾਲਸਈ ਜਾਹੋ-ਜਲਾਲ ਨਾਲ ਮਨਾਉਂਦੀਆਂ ਹਨ। ਅਜਿਹੇ ਮੌਕੇ ਪ੍ਰਸ਼ਾਸਨ ਵੱਲੋਂ ਪ੍ਰਵਾਨਗੀ ਨਾ ਦੇਣ ਕਾਰਨ ਸਿੱਖ ਸੰਗਤਾਂ ਦੇ ਮਨਾਂ ਵਿਚ ਉੱਠੇ ਰੋਸ ਕਾਰਨ ਨਾਂਦੇੜ ਵਿਖੇ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ 300 ਦੇ ਕਰੀਬ ਸਿੱਖ ਸ਼ਰਧਾਲੂਆਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਗਏ ਹਨ। ਇਸੇ ਆੜ ਵਿਚ ਨੌਜੁਆਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ। ਗਿਣਤੀ ਪੂਰੀ ਕਰਨ ਲਈ ਪੁਲਿਸ ਵੱਲੋਂ ਬੱਚਿਆਂ ਨੂੰ ਵੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਜੋ ਅਤਿ ਨਿੰਦਣਯੋਗ ਹੈ।ਬੀਬੀ ਜਗੀਰ ਕੌਰ ਨੇ ਕਿਹਾ ਕਿ ਦੇਸ਼ ਵਿਚ ਘਟਗਿਣਤੀ ਕੌਮਾਂ ਦੇ ਤਿਉਹਾਰਾਂ ਮੌਕੇ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਵਿਤਕਰੇਬਾਜ਼ੀ ਬੇਗਾਨਗੀ ਦਾ ਅਹਿਸਾਸ ਕਰਵਾ ਰਹੀ ਹੈ। ਬੀਬੀ ਜਗੀਰ ਕੌਰ ਨੇ ਮਹਾਰਾਸ਼ਟਰ ਸਰਕਾਰ ਨੂੰ ਸਿੱਖ ਸ਼ਰਧਾਲੂਆਂ ’ਤੇ ਹੋਏ ਪਰਚੇ ਤੁਰੰਤ ਰੱਦ ਕਰਦਿਆਂ ਉਨ੍ਹਾਂ ਨੂੰ ਰਿਹਾਅ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪੰਜ ਮੈਂਬਰੀ ਵਫ਼ਦ ਜਲਦ ਮਹਾਰਾਸ਼ਟਰ ਭੇਜਿਆ ਜਾਵੇਗਾ, ਜੋ ਉਥੋਂ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਪੀੜ੍ਹਤਾਂ ਨੂੰ ਇਨਸਾਫ਼ ਦਵਾਏਗਾ।