ਵਿਦਿਅਕ ਪਾਸਾਰ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਿੱਖੀ ਨਾਲ ਜੋੜਣ ਲਈ ਸ਼੍ਰੋਮਣੀ ਕਮੇਟੀ ਵਚਨਬੱਧ- ਬੀਬੀ ਜਗੀਰ ਕੌਰ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਵਿਚ ਪੜ੍ਹਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਜ਼ੀਫੇ ਵਜੋਂ 65 ਲੱਖ ਰੁਪਏ ਤੋਂ ਵੱਧ ਰਾਸ਼ੀ ਦੇ ਚੈੱਕ ਤਕਸੀਮ ਕੀਤੇ। ਇਹ ਵਜ਼ੀਫਾ ਰਾਸ਼ੀ ਸਾਲ 2019-2020 ਅਤੇ 2020-2021 ਨਾਲ ਸਬੰਧਤ ਵਿਦਿਆਰਥੀਆਂ ਨੂੰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਇਨ੍ਹਾਂ ਸਾਲਾਂ ਲਈ ਇੱਕ ਵਿਸ਼ੇਸ਼ ਸਮਾਗਮ ਵਿਚ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਇੱਕ ਕਰੋੜ ਤੀਹ ਲੱਖ ਰੁਪਏ ਦੇ ਵਜ਼ੀਫੇ ਦਿੱਤੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਕੂਲਾਂ/ਕਾਲਜਾਂ ਵਿਚ ਪੜ੍ਹਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਹਰ ਸਾਲ ਵਜ਼ੀਫਾ ਦੇਣ ਦਾ ਫੈਸਲਾ ਕੀਤਾ ਹੋਇਆ ਹੈ। ਵਜ਼ੀਫਾ ਰਾਸ਼ੀ ਵਿਚ ਵੱਖ-ਵੱਖ ਵਰਗਾਂ ਤਹਿਤ ਅੱਠਵੀਂ ਤੋਂ ਦਸਵੀਂ ਤੱਕ 3500 ਰੁਪਏ, ਦਸਵੀਂ ਤੋਂ ਬਾਰ੍ਹਵੀਂ ਤੱਕ 5000 ਰੁਪਏ, ਗ੍ਰੈਜੂਏਟ ਪੱਧਰ ਲਈ 8000 ਰੁਪਏ ਅਤੇ ਐਮ.ਏ. ਵਿਦਿਆਰਥੀਆਂ ਲਈ 10000 ਰੁਪਏ ਦਿੱਤੇ ਜਾਂਦੇ ਹਨ। ਅੱਜ ਵਜ਼ੀਫਾ ਰਾਸ਼ੀ ਪ੍ਰਾਪਤ ਕਰਨ ਵਾਲਿਆਂ ਵਿਚ 32 ਸਕੂਲਾਂ ਦੇ 546 ਅਤੇ 29 ਕਾਲਜਾਂ ਦੇ 584 ਵਿਦਿਆਰਥੀ ਸ਼ਾਮਲ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਵਿਦਿਆ ਦੇ ਪ੍ਰਚਾਰ/ਪ੍ਰਸਾਰ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਿੱਖੀ ਨਾਲ ਜੋੜਣ ਲਈ ਵੀ ਵੱਡੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਗੁਰਮਤਿ ਰਹਿਣੀ ਦੇ ਧਾਰਨੀ ਬਨਣਾ ਹਰ ਸਿੱਖ ਦਾ ਮੁੱਢਲਾ ਕਰਮ ਹੈ ਅਤੇ ਵਿਦਿਆ ਪ੍ਰਾਪਤ ਕਰਨ ਵਾਲੇ ਬੱਚਿਆਂ ਅਤੇ ਨੌਜੁਆਨਾਂ ਨੂੰ ਧਰਮ ਵਿਚ ਪ੍ਰਪੱਖ ਕਰਨ ਲਈ ਸ਼੍ਰੋਮਣੀ ਕਮੇਟੀ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਬੱਚਿਆਂ ਨੂੰ ਵਜ਼ੀਫੇ ਦੇਣ ਦਾ ਮੰਤਵ ਹੋਰਨਾਂ ਨੂੰ ਗੁਰੂ ਨਾਲ ਜੁੜਨ ਲਈ ਪ੍ਰੇਰਤ ਕਰਨਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਣ ਲਈ ਪ੍ਰੇਰਨਾ ਤੇ ਉਤਸ਼ਾਹ ਪੈਦਾ ਕਰਨ।ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਿਮਰਜੀਤ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਓਐਸਡੀ. ਡਾ. ਅਮਰੀਕ ਸਿੰਘ, ਡਾ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਅਜ਼ਾਦਦੀਪ ਸਿੰਘ, ਪ੍ਰਚਾਰਕ ਬੀਬੀ ਹਰਪ੍ਰੀਤ ਕੌਰ, ਪ੍ਰਿੰ. ਰਾਜਿੰਦਰ ਕੌਰ, ਪਿ੍ਰੰ. ਗੁਰਨਾਮ ਸਿੰਘ, ਪ੍ਰਿੰ. ਦਲਵਿੰਦਰ ਕੌਰ, ਪ੍ਰਿੰ. ਰਾਜਅਨਮੋਲ ਕੌਰ, ਪ੍ਰਿੰ. ਤਰਨਜੀਤ ਸਿੰਘ, ਪ੍ਰਿੰ. ਅਮਰਜੀਤ ਕੌਰ, ਪ੍ਰਿੰ. ਸਰਬਜੀਤ ਕੌਰ, ਪ੍ਰਿੰ. ਸਤਵੰਤ ਕੌਰ ਆਦਿ ਮੌਜੂਦ ਸਨ।