ਐਡਵੋਕੇਟ ਸਿਆਲਕਾ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਗੁਰਭੇਜ ਸਿੰਘ ਖਜਾਲਾ ਤੇ ਬਾਬਾ ਪਰਮਾਨੰਦ ਨੇ ਕੀਤਾ ਸਤਿਕਾਰ ਭੇਟ
ਅੰਮ੍ਰਿਤਸਰ – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਅੱਡਾ ਸੈਦੋਲੇਹਲ ਖਜਾਲਾ ਵਿਖੇ ਪੁੱਜਣ ’ਤੇ ਵੱਖ ਵੱਖ ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ। ਇਥੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਬਾਬਾ ਸੱਜਣ ਸਿੰਘ ਗੁਰਦੁਆਰਾ ਗੁਰੂ ਕੀ ਬੇਰ ਵਾਲੇ, ਬਾਬਾ ਗੁਰਭੇਜ ਸਿੰਘ ਖਜਾਲੇ ਵਾਲੇ, ਬਾਬਾ ਪਰਮਾਨੰਦ ਜੀ ਗੁਰਦੁਆਰਾ ਬਾਬਾ ਹੰਦਾਲ ਜੀ ਜੰਡਿਆਲਾ ਵਾਲੇ ਸਮੇਤ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਭੇਟ ਕੀਤੇ। ਇਸ ਮੌਕੇ ਸੰਗਤਾਂ ਵੱਲੋਂ ਲੰਗਰ ਵੀ ਲਗਾਇਆ ਗਿਆ ਅਤੇ ਸਵਾਗਤੀ ਗੇਟ ਤੇ ਸੁੰਦਰ ਲੜੀਆਂ ਨਾਲ ਸਜਾਵਟ ਕਰ ਕੇ ਸ਼ਰਧਾ ਪ੍ਰਗਟਾਈ ਗਈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਸੰਗਤਾਂ ਵੱਲੋਂ ਵੱਖ ਵੱਖ ਥਾਈਂ ਨਗਰ ਕੀਰਤਨ ਲਈ ਸਵਾਗਤੀ ਪ੍ਰਬੰਧ ਕੀਤੇ ਗਏ ਸਨ ਅਤੇ ਲੰਗਰ, ਚਾਹ ਪਾਣੀ ਤੇ ਫਰੂਟ ਆਦਿ ਨਾਲ ਸੇਵਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਡਾ ਸੈਦੋਲੇਹਲ ਖਜਾਲਾ ਵਿਖੇ ਗੁਰੂ ਕੇ ਕਵੀਸ਼ਰ ਸਿੰਘਾਂ ਤੇ ਪ੍ਰਚਾਰਕਾਂ ਵੱਲੋਂ ਸੰਗਤ ਨੂੰ ਗੁਰੂ ਜੱਸ ਵੀ ਸੁਣਾਇਆ ਗਿਆ। ਇਸ ਮੌਕੇ ਪ੍ਰਚਾਰਕ ਭਾਈ ਜਗਦੇਵ ਸਿੰਘ, ਭਾਈ ਹਰਪ੍ਰੀਤ ਸਿੰਘ ਵਡਾਲਾ ਜੌਹਲ, ਭਾਈ ਲਖਬੀਰ ਸਿੰਘ ਆਦਿ ਵੀ ਮੌਜੂਦ ਸਨ।