ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਡਾਕਟਰ ਦਿਵਸ ਮੌਕੇ ਕਿਹਾ ਕਿ ਕੋਰੋਨਾ ਗਲੋਬਲ ਮਹਾਮਾਰੀ ਦੌਰਾਨ ਦਿਨ-ਰਾਤ ਲੋਕਾਂ ਦੀ ਸੇਵਾ ਕਰਨ ਵਾਲੇ ਡਾਕਟਰਾਂ ਦਾ ਕਰਜ਼ ਪੂਰੀ ਉਮਰ ਨਹੀਂ ਚੁਕਾਇਆ ਜਾ ਸਕਦਾ। ਹਰ ਸਾਲ ਇਕ ਜੁਲਾਈ ਨੂੰ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾਂਦਾ ਹੈ। ਅੱਜ ਹੀ ਦੇ ਦਿਨ ਦੇਸ਼ ਦੇ ਮਹਾਨ ਡਾਕਟਰ ਅਤੇ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਡਾ. ਬਿਧਾਨਚੰਦਰ ਰਾਏ ਦਾ ਜਨਮ ਦਿਨ ਅਤੇ ਬਰਸੀ ਹੁੰਦੀ ਹੈ ਅਤੇ ਉਨ੍ਹਾਂ ਦੀ ਯਾਦ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਵਿੱਚ ਸਾਡੇ ਡਾਕਟਰਾਂ ਨੇ ਕਈ-ਕਈ ਦਿਨਾਂ ਤੱਕ ਬਿਨਾਂ ਸੁੱਤੇ ਦਿਨ-ਰਾਤ ਲੋਕਾਂ ਦੀ ਸੇਵਾ ਕੀਤੀ ਹੈ ਉਨ੍ਹਾਂ ਦਾ ਕਰਜ਼ ਪੂਰੀ ਉਮਰ ਨਹੀਂ ਚੁਕਿਆ ਸਕਦੇ। ਰਾਸ਼ਟਰੀ ਡਾਕਟਰ ਦਿਵਸ ਤੇ ਦੇਸ਼ ਦੇ ਸਾਰੇ ਡਾਕਟਰਾਂ ਨੂੰ ਸਲਾਮ ਜਿਨ੍ਹਾਂ ਨੇ ਇਸ ਮਹਾਮਾਰੀ ਵਿੱਚ ਲੱਖਾਂ ਲੋਕਾਂ ਦੀ ਜਾਨ ਬਚਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਬਿਖਰਣ ਤੋਂ ਬਚਾਇਆ। ਜਿਕਰਯੋਗ ਹੈ ਕਿ ਭਾਰਤੀ ਮੈਡੀਕਲ ਸੰਘ (ਆਈ. ਐੱਮ. ਏ.) ਵਲੋਂ ਮੱਧ ਜੂਨ ਵਿੱਚ ਉਪਲੱਬਧ ਕਰਵਾਏ ਅੰਕੜਿਆਂ ਅਨੁਸਾਰ ਗਲੋਬਲ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਸੰਕਰਮਣ ਨਾਲ ਕਰੀਬ 730 ਡਾਕਟਰਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚੋਂ ਬਿਹਾਰ ਵਿੱਚ ਸਭ ਤੋਂ ਵੱਧ 115, ਦਿੱਲੀ ਵਿੱਚ 109, ਉੱਤਰ ਪ੍ਰਦੇਸ਼ ਵਿੱਚ 79, ਪੱਛਮੀ ਬੰਗਾਲ ਵਿੱਚ 62, ਰਾਜਸਥਾਨ ਵਿੱਚ 43, ਝਾਰਖੰਡ ਵਿੱਚ 38 ਡਾਕਟਰਾਂ ਦੀ ਮੌਤ ਹੋਈ। ਆਈ. ਐੱਮ. ਏ. ਅਨੁਸਾਰ ਕੋਰੋਨਾ ਦੀ ਪਹਿਲੀ ਲਹਿਰ ਵਿੱਚ 748 ਡਾਕਟਰਾਂ ਦੀ ਮੌਤ ਹੋਈ ਸੀ।