ਲੰਡਨ – ਬਕਿੰਘਮ ਪੈਲੇਸ ਨੇ ਡੱਚੈੱਸ ਆਫ ਸਸੈਕਸ ਮੇਘਨ ਮਾਰਕਲ ’ਤੇ ਸਟਾਫ਼ ਨਾਲ ਕਥਿਤ ਧੱਕੇਸ਼ਾਹੀ ਦੇ ਲੱਗੇ ਦੋਸ਼ਾਂ ਦੀ ਜਾਂਚ ਇੱਕ ਕਾਨੂੰਨੀ ਏਜੰਸੀ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ। ਇਹ ਖੁਲਾਸਾ ਯੂਕੇ ਮੀਡੀਆ ਦੀਆਂ ਰਿਪੋਰਟਾਂ ’ਚ ਕੀਤਾ ਗਿਆ ਹੈ। ਮੇਘਨ ’ਤੇ ਦੋਸ਼ ਲਾਏ ਗਏ ਸਨ ਕਿ ਪ੍ਰਿੰਸ ਹੈਰੀ ਨਾਲ ਸ਼ਾਹੀ ਪਰਿਵਾਰ ’ਚ ਰਹਿੰਦੇ ਉਸ ਵੱਲੋਂ ਸਟਾਫ ਵੱਲੋਂ ਧਮਕਾਇਆ ਜਾਂਦਾ ਰਿਹਾ ਹੈ। ਇਸ ਤੋਂ ਪਹਿਲਾਂ ਇਸ ਮਹੀਨੇ ਸ਼ਾਹੀ ਮਹਿਲ ਵੱਲੋਂ ਪੁਸ਼ਟੀ ਕੀਤੀ ਗਈ ਸੀ ਕਿ ਦੋਸ਼ਾਂ ਦੀ ਜਾਂਚ ਕਰਵਾਏਗਾ। ਸ਼ਾਹੀ ਮਹਿਲ ਵੱਲੋਂ ਇਹ ਫ਼ੈਸਲਾ ‘ਦਿ ਟਾਈਮਜ਼’ ਵਿੱਚ ਇੱਕ ਸਟਾਫ਼ ਮੈਂਬਰ ਦੀ ਲੀਕ ਹੋਈ ਈਮੇਲ ਛਪਣ ਮਗਰੋਂ ਲਿਆ ਗਿਆ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਸਾਬਕਾ ਅਮਰੀਕੀ ਅਦਾਕਾਰਾ ਨੇ ਨਿੱਜੀ ਸਹਾਇਕਾਂ ਨੂੰ ਸ਼ਾਹੀ ਮਹਿਲ ਤੋਂ ਬਾਹਰ ਕੱਢ ਦਿੱਤਾ ਅਤੇ ਤੇ ਤੀਜੇ ਮੈਂਬਰ ਦੇ ਭਰੋਸੇ ਨੂੰ ਖੋਖਲਾ ਕਰ ਦਿੱਤਾ। ਹੁਣ ‘ਦਿ ਸੰਡੇ ਟਾਈਮਜ਼ ਦੀਆਂ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਘਰੇਲੂ ਏਜੰਸੀ ਦੀ ਬਜਾਇ ਨਿਰਪੱਖ ਤੇ ਸੁਤੰਤਰ ਜਾਂਚ ਲਈ ਇਸ ਮਾਮਲੇ ਦੀ ਜਾਂਚ ਕਿਸੇ ਤੀਜੀ ਕਾਨੂੰਨੀ ਏਜੰਸੀ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਗਿਆ ਹੈ। ਬਕਿੰਘਮ ਪੈਲੇਸ ਦੇ ਇੱਕ ਤਰਜਮਾਨ ਨੇ ਕਿਹਾ, ‘ਪ੍ਰਿੰਸ ਅਤੇ ਡੱਚੈੱਸ ਦੇ ਸਾਬਕਾ ਸਟਾਫ ਵੱਲੋਂ ਦੋਸ਼ਾਂ ਦੇ ਆਲੇ-ਦੁਆਲੇ ਦੀਆਂ ਪ੍ਰਸਥਿਤੀਆਂ ਨੂੰ ਦੇਖਣ ਦੀ ਸਾਡੀ ਵਚਨਬੱਧਤਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਪਰ ਅਸੀਂ ਇਸ ’ਤੇ ਕੋਈ ਜਨਤਕ ਟਿੱਪਣੀ ਨਹੀਂ ਕਰਾਂਗੇ।’