ਨਵੀਂ ਦਿੱਲੀ – ਰੇਲ ਮੰਤਰੀ ਪਿਊਸ਼ ਗੋਇਲ ਨੇ ਕੋਲਕਾਤਾ ਸਥਿਤ ਪੂਰਬੀ ਰੇਲਵੇ ਦੇ ਦਫ਼ਤਰ ਵਿਚ ਲੱਗੀ ਅੱਗ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਰਿਪੋਰਟ ਤਿੰਨ ਹਫ਼ਤਿਆਂ ਵਿਚ ਦੇਣ ਲਈ ਕਿਹਾ ਗਿਆ ਹੈ। ਸੋਮਵਾਰ ਲੱਗੀ ਅੱਗ ਕਾਰਨ 9 ਮੌਤਾਂ ਹੋਈਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਇਕ ਉੱਚ ਪੱਧਰੀ ਕਮੇਟੀ ਕਾਇਮ ਕੀਤੀ ਗਈ ਹੈ। ਕੋਇਲਾਘਾਟ ਇਮਾਰਤ ਦੀ 13ਵੀਂ ਮੰਜ਼ਲ ’ਤੇ ਅੱਗ ਸੋਮਵਾਰ ਸ਼ਾਮ ਨੂੰ ਲੱਗੀ ਸੀ ਤੇ ਹੁਣ ਇਸ ਉਤੇ ਕਾਬੂ ਪਾ ਲਿਆ ਗਿਆ ਹੈ। ਭਾਜਪਾ ਨੇ ਟੀਐਮਸੀ ’ਤੇ ਦੋਸ਼ ਲਾਇਆ ਹੈ ਕਿ ਰਾਜ ਸਰਕਾਰ ਆਫ਼ਤਾਂ ਨਾਲ ਨਜਿੱਠਣ ਦੇ ਸਮਰੱਥ ਨਹੀਂ ਹੈ। ਜਦਕਿ ਤ੍ਰਿਣਮੂਲ ਕਾਂਗਰਸ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਵਿਚ ਅੱਗ ਕਾਰਨ ਵਾਪਰੀ ਤ੍ਰਾਸਦੀ ’ਤੇ ਦੁੱਖ ਜ਼ਾਹਿਰ ਕੀਤਾ ਹੈ। ਮੋਦੀ ਨੇ ਘਟਨਾ ’ਚ ਜਾਨ ਗੁਆਉਣ ਵਾਲਿਆਂ ਨੂੰ ਦੋ-ਦੋ ਲੱਖ ਰੁਪਏ ਤੇ ਮਮਤਾ ਬੈਨਰਜੀ ਨੇ ਦਸ ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਹੈ।