ਕੈਲੀਫੋਰਨੀਆਂ – ਕੈਲੀਫੋਰਨੀਆ ਦੇ ਸੈਕਰਾਮੈਂਟੋ ਦੀ ਜੇਲ੍ਹ ਵਿੱਚ ਲਾਸ ਏਂਜਲਸ ਕਾਉਂਟੀ ਦੇ ਇੱਕ ਕੈਦੀ ਦੀ ਬੁੱਧਵਾਰ ਦੇ ਦਿਨ ਇੱਕ ਜੇਲ੍ਹ ਅਧਿਕਾਰੀ ਦੁਆਰਾ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਸ ਕੈਦੀ ਨੂੰ ਇਹ ਗੋਲੀ ਤਿੰਨ ਕੈਦੀਆਂ ਜਿਹਨਾਂ ਵਿੱਚ ਮ੍ਰਿਤਕ ਵੀ ਸ਼ਾਮਲ ਸੀ ,ਵੱਲੋਂ ਇੱਕ ਹੋਰ ਕੈਦੀ ਨੂੰ ਚਾਕੂ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਅਧਿਕਾਰੀਆਂ ਦੁਆਰਾ ਲੱਗੀ।ਕੈਲੀਫੋਰਨੀਆਂ ਦੇ ਸੁਧਾਰ ਅਤੇ ਪੁਨਰਵਾਸ ਵਿਭਾਗ ਦੇ ਅਨੁਸਾਰ ਸਵੇਰੇ 9 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਤਿੰਨ ਕੈਦੀ ਗੁਸਤਾਵੋ ਰੇਅਜ਼, ਮਾਰਟਿਨ ਪਚੇਕੋ ਅਤੇ ਐਂਜਲ ਟੋਰੇਸ ਨੇ ਆਪਣੇ ਸਾਥੀ ਕੈਦੀ ਪਾਲ ਸੋਲਿਸ ‘ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਵਿਭਾਗ ਨੇ ਦੱਸਿਆ ਕਿ ਕੈਦੀਆਂ ਨੇ ਹਮਲੇ ਨੂੰ ਰੋਕਣ ਦੇ ਸੰਬੰਧ ਵਿੱਚ ਜੇਲ੍ਹ ਅਧਿਕਾਰੀਆਂ ਦੇ ਵਾਰ-ਵਾਰ ਦਿੱਤੇ ਆਦੇਸ਼ਾਂ ਦੀ ਅਣਦੇਖੀ ਕੀਤੀ ਜਿਸ ਕਰਕੇ ਅਧਿਕਾਰੀਆਂ ਨੇ ਫਿਰ ਹਮਲੇ ਨੂੰ ਰੋਕਣ ਲਈ ਮਿਨੀ -14 ਰਾਈਫਲ ਤੋਂ ਤਿੰਨ ਰਾਊਂਡ ਫਾਇਰ ਕੀਤੇ ਅਤੇ ਸੀ.ਡੀ.ਸੀ.ਆਰ. ਅਨੁਸਾਰ ਇੱਕ ਅਧਿਕਾਰੀ ਦੀ ਗੋਲੀ ਇੱਕ ਕੈਦੀ ਪਚੇਕੋ ਦੇ ਲੱਗੀ, ਜਿਸ ਕਰਕੇ ਸਵੇਰੇ 9:32 ਵਜੇ ਉਸ ਦੀ ਮੌਤ ਹੋ ਗਈ ਸੀ। ਇਹ ਮ੍ਰਿਤਕ ਕੈਦੀ ਜੇਲ੍ਹ ਵਿੱਚ ਪਹਿਲੀ ਡਿਗਰੀ ਦੇ ਕਤਲ ਦੀ ਕੋਸ਼ਿਸ਼ ਲਈ ਪੈਰੋਲ ਦੀ ਸੰਭਾਵਨਾ ਦੇ ਨਾਲ ਉਮਰ ਕੈਦ ਦੀ ਸਜਾ ਕੱਟ ਰਿਹਾ ਸੀ।ਜਦਕਿ ਹਮਲੇ ਦੌਰਾਨ ਜਖਮੀ ਹੋਏ ਸੋਲਿਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਹ 37 ਸਾਲਾ ਜਖਮੀ ਕੈਦੀ ਸੋਲਿਸ ਵੀ ਕਤਲ ਦੇ ਦੋਸ਼ ਵਿੱਚ ਪੈਰੋਲ ਦੇ ਮੌਕੇ ਨਾਲ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਘਟਨਾ ਦੇ ਮਾਮਲੇ ਵਿੱਚ ਸੁਧਾਰ ਅਤੇ ਮੁੜ ਵਸੇਬੇ ਦੀ ਟੀਮ ਜਾਂਚ ਕਰ ਰਹੀ ਹੈ।