ਕੈਲੀਫੋਰਨੀਆ – ਸੈਨੇਟ ਨੇ ਵੀਰਵਾਰ ਨੂੰ ਮਿਸ਼ੀਗਨ ਦੀ ਸਾਬਕਾ ਗਵਰਨਰ ਜੈਨੀਫਰ ਗ੍ਰੈਨਹੋਮ ਦੀ ਐਨਰਜੀ ਵਿਭਾਗ ਦੀ ਸੈਕਟਰੀ ਵਜੋਂ ਪੁਸ਼ਟੀ ਕੀਤੀ ਹੈ।ਇਸ ਪ੍ਰਕਿਰਿਆ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਨਾਮਜ਼ਦ ਜੈਨੀਫਰ ਨੂੰ ਸੈਨੇਟ ਵਿੱਚ 64–35 ਵੋਟਾਂ ਨਾਲ ਸਮਰਥਨ ਮਿਲਿਆ। ਗ੍ਰੈਨਹੋਮ ਨੇ ਆਟੋ ਨਿਰਮਾਤਾਵਾਂ ਨਾਲ 2003 ਤੋਂ ਲੈ ਕੇ 2011 ਤੱਕ ਰਾਜਪਾਲ ਵਜੋਂ ਆਪਣੇ ਦੋ ਕਾਰਜਕਾਲਾਂ ਦੌਰਾਨ ਉਦਯੋਗ ਦਾ ਬਿਜਲੀਕਰਨ ਕਰਨ ਲਈ ਕੰਮ ਕੀਤਾ। ਵੀਰਵਾਰ ਦੀ ਪੁਸ਼ਟੀ ਤੋਂ ਜੈਨੀਫਰ ਨੇ ਟਵੀਟ ਕਰਦਿਆਂ ਸੈਨੇਟ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਮਰੀਕਾ ਦੇ ਕੋਨੇ ਕੋਨੇ ਵਿੱਚ ਚੰਗੀ ਅਦਾਇਗੀ ਵਾਲੀਆਂ ਊਰਜਾ ਦੀਆਂ ਨੌਕਰੀਆਂ ਪੈਦਾ ਕਰਨ ਦਾ ਵੀ ਭਰੋਸਾ ਦਿੱਤਾ।ਜੈਨੀਫਰ ਦੀ ਪੁਸ਼ਟੀ ਲਈ ਡੈਮੋਕ੍ਰੇਟਿਕ ਸੈਨੇਟਰ ਜੋਏ ਮਾਨਚਿਨ ਜੋ ਕਿ ਊਰਜਾ ਅਤੇ ਕੁਦਰਤੀ ਸਰੋਤ ਕਮੇਟੀ ਦੇ ਚੇਅਰਮੈਨ ਹਨ ਨੇ ਗ੍ਰੈਨਹੋਮ ਨੂੰ ਪਿਛਲੇ ਮਹੀਨੇ ਉਸਦੀ ਪੁਸ਼ਟੀ ਦੀ ਸੁਣਵਾਈ ਦੌਰਾਨ ਅਮਰੀਕੀ ਲੋਕਾਂ ਦੇ ਊਰਜਾ ਦੇ ਪ੍ਰਦੂਸ਼ਿਤ ਖੇਤਰਾਂ ਵਿੱਚ ਕੰਮ ਕਰਨ ਬਾਰੇ ਉਸਦੀ ਯੋਜਨਾ ਬਾਰੇ ਪੁੱਛਗਿੱਛ ਕੀਤੀ ਸੀ। ਇਸਦੇ ਜਵਾਬ ਵਿੱਚ ਗ੍ਰੈਨਹੋਮ ਨੇ ਇਸਨੂੰ ਸਭ ਤੋਂ ਮਹੱਤਵਪੂਰਨ ਪ੍ਰਸ਼ਨ ਦੱਸਦਿਆਂ ਨੌਕਰੀ ਪੈਦਾ ਕਰਨ ਦੇ ਅਵਸਰਾਂ ਵਜੋਂ, “ਬਲਿਊ ਹਾਈਡ੍ਰੋਜਨ” ਜੋ ਕਿ ਕਾਰਬਨ ਕੈਪਚਰ ਦਾ ਇੱਕ ਰੂਪ ਹੈ ,ਵਰਗੇ ਹੱਲਾਂ ਵੱਲ ਇਸ਼ਾਰਾ ਕੀਤਾ।ਟੈਕਸਾਸ ਵਿੱਚ ਸਰਦੀਆਂ ਦੇ ਤੂਫਾਨ ਦੇ ਮੱਦੇਨਜ਼ਰ ਗ੍ਰੈਨਹੋਮ ਨੂੰ ਵਧੇਰੇ ਬਿਜਲੀ ਦੀਆਂ ਮੰਗਾਂ ਨਾਲ ਨਜਿੱਠਣ ਦਾ ਕੰਮ ਵੀ ਸੌਂਪਿਆ ਜਾਵੇਗਾ, ਜਿਸਦੇ ਸੰਬੰਧ ਵਿੱਚ ਜੈਨੀਫਰ ਅਨੁਸਾਰ ਦੇਸ਼ ਦੇ ਪਾਵਰ ਗਰਿੱਡਾਂ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ।