ਇੰਗਲੈਂਡ ਖ਼ਿਲਾਫ਼ ਅਹਿਮਦਾਬਾਦ ਵਿੱਚ ਘੱਟ ਦੌੜਾਂ ਵਾਲੇ ਟੈਸਟ ਮੈਚ ਵਿੱਚ ਅਰਧ ਸੈਂਕੜਾ ਬਣਾਉਣ ਵਾਲਾ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਕੌਮਾਂਤਰੀ ਕ੍ਰਿਕਟ ਕੌਂਸਲ ਦੀ ਐਤਵਾਰ ਨੂੰ ਜਾਰੀ ਕੀਤੀ ਨਵੀਂ ਦਰਜਾਬੰਦੀ ਵਿੱਚ ਛੇ ਅੰਕ ਉੱਤੇ ਚੜ੍ਹਦੇ ਹੋਏ ਆਪਣੇ ਖੇਡ ਜੀਵਨ ਦੇ ਹੁਣ ਤਕ ਦੇ ਵਧੀਆ ਅੱਠਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਮੈਚ ਵਿੱਚ ਰੋਹਿਤ ਨੇ ਪਹਿਲੀ ਪਾਰੀ ਵਿੱਚ 66 ਦੌੜਾਂ ਬਣਾਉਣ ਮਗਰੋਂ ਦੂਜੀ ਪਾਰੀ ਵਿੱਚ ਨਾਬਾਦ 25 ਦੌੜਾਂ ਬਣਾਈਆਂ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਇਸ ਮੈਚ ਨੂੰ ਮਹਿਜ਼ ਦੋ ਦਿਨਾਂ ਵਿੱਚ 10 ਵਿਕਟਾਂ ਨਾਲ ਆਪਣੇ ਨਾਮ ਕੀਤਾ। ਰੋਹਿਤ ਆਪਣੇ ਸਾਥੀ ਖਿਡਾਰੀ ਚੇਤੇਸ਼ਵਰ ਪੁਜਾਰਾ ਤੋਂ ਦੋ ਸਥਾਨ ਅੱਗੇ ਹੈ। ਅਹਿਮਾਦਾਬਾਦ ਮੈਚ ਵਿੱਚ ‘ਮੈਨ ਆਫ਼ ਦਿ ਮੈਚ’ ਰਿਹਾ ਅਕਸ਼ਰ ਪਟੇਲ ਅਤੇ ਰਵੀਚੰਦਰਨ ਅਸ਼ਵਿਨ ਵੀ ਆਪਣੀ ਰੈਂਕਿੰਗ ਸੁਧਾਰਨ ਵਿੱਚ ਸਫ਼ਲ ਰਹੇ। ਮੈਚ ਵਿੱਚ 11 ਵਿਕਟਾਂ ਲੈਣ ਵਾਲਾ ਅਕਸ਼ਰ ਪਟੇਲ 30 ਸਥਾਨਾਂ ਦੇ ਸੁਧਾਰ ਨਾਲ 38ਵੇਂ ਸਥਾਨ ’ਤੇ ਪਹੁੰਚ ਗਿਆ। ਸੱਤ ਵਿਕਟਾਂ ਲੈਣ ਵਾਲਾ ਅਸ਼ਵਿਨ ਚਾਰ ਅੰਕ ਉਪਰ ਹੁੰਦਾ ਹੋਇਆ ਤੀਜੇ ਸਥਾਨ ’ਤੇ ਪਹੁੰਚਿਆ। ਇੰਗਲੈਂਡ ਦਾ ਸਪਿੰਨਰ ਜੈਕ ਲੀਚ ਵੀ ਪਹਿਲੀ ਵਾਰ ਪਹਿਲੇ 30 ਗੇਂਦਬਾਜ਼ਾਂ ਵਿੱਚ ਸਥਾਨ ਬਣਾਉਣ ਵਿਚ ਸਫ਼ਲ ਰਿਹਾ।