ਨਵੀਂ ਦਿੱਲੀ – ਕੇਂਦਰੀ ਕੈਬਨਿਟ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ’ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਵੀ.ਨਰਾਇਣਸਾਮੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਲੰਘੇ ਦਿਨੀਂ ਘੱਟਗਿਣਤੀ ਵਿੱਚ ਰਹਿਣ ਕਰਕੇ ਅਸਤੀਫਾ ਦੇਣਾ ਪਿਆ ਸੀ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੇਂਦਰੀ ਕੈਬਨਿਟ ਵੱਲੋਂ ਲਏ ਫੈਸਲੇ ਦਾ ਐਲਾਨ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਦੇ ਅਸਤੀਫ਼ੇ ਮਗਰੋਂ ਕਿਸੇ ਵੀ ਪਾਰਟੀ ਨੇ ਪੁੱਡੂਚੇਰੀ ’ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕੀਤਾ। ਲਿਹਾਜ਼ਾ ਉਪ ਰਾਜਪਾਲ ਤਾਮਿਲੀਸਾਈ ਸੁੰਦਰਾਜਨ ਦੀ ਸਿਫ਼ਾਰਿਸ਼ ’ਤੇ ਕੇਂਦਰੀ ਕੈਬਨਿਟ ਨੇ ਪੁੱਡੂਚੇਰੀ ’ਚ ਰਾਸ਼ਟਰਪਤੀ ਰਾਜ ਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜਾਵੜੇਕਰ ਨੇ ਕਿਹਾ ਕਿ ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲਣ ਮਗਰੋਂ ਅਸੈਂਬਲੀ ਭੰਗ ਕਰ ਦਿੱਤੀ ਜਾਵੇਗੀ ਤੇ ਪੁੱਡੂਚੇਰੀ ’ਚ ਪ੍ਰਸ਼ਾਸਨਿਕ ਕੰਮਾਂ ਲਈ ਜਲਦੀ ਹੀ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪੁੱਡੂਚੇਰੀ ਤੇ ਚਾਰ ਹੋਰਨਾਂ ਸੂਬਿਆਂ (ਕੇਰਲਾ, ਤਾਮਿਲ ਨਾਡੂ, ਅਸਾਮ ਤੇ ਪੱਛਮੀ ਬੰਗਾਲ) ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਚੋਣ ਜ਼ਾਬਤਾ ਅਮਲ ਵਿੱਚ ਆ ਜਾਵੇਗਾ।