ਅਹਿਮਦਾਬਾਦ – ਦੁਨੀਆਂ ਦੇ ਸਭ ਤੋਂ ਵੱਡੇ ਸਟੇਡੀਅਮ ਮੋਟੇਰਾ ਵਿੱਚ ਇੰਗਲੈਂਡ ਖ਼ਿਲਾਫ਼ ਡੇਅ-ਨਾਈਟ ਕ੍ਰਿਕਟ ਟੈਸਟ ਮੈਚ ਦਾ ਪਹਿਲਾ ਦਿਨ ਅੱਜ ਭਾਰਤ ਦੇ ਨਾਮ ਰਿਹਾ। ਭਾਰਤੀ ਸਪਿੰਨਰਾਂ ਅਕਸਰ ਪਟੇਲ ਅਤੇ ਰਵੀਚੰਦਰਨ ਅਸ਼ਵਿਨ ਦੀਆਂ ਫ਼ਿਰਕੀ ਗੇਂਦਾਂ ਅੱਗੇ ਮਹਿਮਾਨ ਟੀਮ ਟਿਕ ਨਹੀਂ ਸਕੀ ਅਤੇ 112 ਦੌੜਾਂ ’ਤੇ ਆਊਟ ਹੋ ਗਈ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀਆਂ 57 ਦੌੜਾਂ ਦੀ ਬਦੌਲਤ ਭਾਰਤ ਨੇ ਤਿੰਨ ਵਿਕਟਾਂ ਗੁਆ ਕੇ 99 ਦੌੜਾਂ ਬਣਾ ਲਈਆਂ ਹਨ। ਭਾਰਤੀ ਬੱਲੇਬਾਜ਼ ਸ਼ੁੱਭਮਨ ਗਿੱਲ (11), ਚੇਤੇਸ਼ਵਰ ਪੁਜਾਰਾ (ਸਿਫ਼ਰ) ਅਤੇ ਕਪਤਾਨ ਵਿਰਾਟ ਕੋਹਲੀ (27) ਆਊਟ ਹੋ ਚੁੱਕੇ ਹਨ। ਜਦੋਂਕਿ ਰੋਹਿਤ ਤੇ ਅਜਿੰਕਿਆ ਰਹਾਣੇ (ਇਕ) ਮੈਦਾਨ ’ਤੇ ਡਟੇ ਹੋਏ ਹਨ। ਇਸ ਤੋਂ ਪਹਿਲਾਂ ਭਾਰਤ ਵੱਲੋਂ ਖੱਬੇ ਹੱਥ ਦੇ ਸਪਿੰਨਰ ਅਕਸਰ ਪਟੇਲ ਨੇ 38 ਦੌੜਾਂ ਦੇ ਕੇ ਛੇ ਅਤੇ ਅਸ਼ਵਿਨ ਨੇ 26 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇੰਗਲੈਂਡ ਵੱਲੋਂ ਜ਼ੈਕ ਕਰਾਲੇ (53) ਹੀ ਸਭ ਤੋਂ ਵੱਧ ਦੌੜਾਂ ਬਣਾ ਸਕਿਆ। ਕਪਤਾਨ ਜੋਅ ਰੂਟ (17) ਸਣੇ ਮਹਿਮਾਨ ਟੀਮ ਦਾ ਕੋਈ ਵੀ ਬੱਲੇਬਾਜ਼ 20 ਦੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ। ਖਾਰ ਮੈਚਾਂ ਦੀ ਲੜੀ ਹੁਣ ਤੱਕ 1-1 ਨਾਲ ਬਰਾਬਰ ਰਹੀ ਹੈ। ਇੰਗਲੈਂਡ ਨੇ ਚੇਨੱਈ ਵਿੱਚ ਪਹਿਲਾ ਟੈਸਟ ਮੈਚ 227 ਦੌੜਾਂ ਨਾਲ ਜਿੱਤਿਆ ਸੀ। ਭਾਰਤ ਨੇ ਇਸੇ ਸਥਾਨ ’ਤੇ ਦੂਜਾ ਮੈਚ 317 ਦੌੜਾਂ ਨਾਲ ਜਿੱਤ ਕੇ ਲੜੀ ਬਰਾਬਰ ਕੀਤੀ ਸੀ।