ਨਵੀਂ ਦਿੱਲੀ, 2 ਜੂਨ ਮਹਾਰਾਸ਼ਟਰ ਅਤੇ ਗੁਜਰਾਤ ਸਰਕਾਰ ਨੇ ‘ਚੱਕਰਵਾਤੀ ਤੂਫਾਨ ਨਿਸਰਗ’ ਦੀ ਦਸਤਕ ਦੇ ਮੱਦੇਨਜ਼ਰ ਕੇਂਦਰ ਦੀ ਮੋਦੀ ਸਰਕਾਰ ਵੀ ਅਲਰਟ ਹੋ ਗਈ ਹੈ| ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਹੈ| ਇਸ ਦੇ ਨਾਲ ਹੀ ਤੱਟੀ ਇਲਾਕਿਆਂ ਵਿੱਚ ਐਨ. ਡੀ. ਆਰ. ਐਫ ਦੀਆਂ ਟੀਮਾਂ ਨੂੰ ਵੀ ਅਲਰਟ ਕਰ ਦਿੱਤਾ ਹੈ| ਤੂਫਾਨ ਦੇ ਖਤਰੇ ਨੂੰ ਦੇਖਦੇ ਹੋਏ ਮਹਾਰਾਸ਼ਟਰ-ਗੁਜਰਾਤ ਵਿੱਚ ਐਨ.ਡੀ.ਆਰ.ਐੱਫ ਦੀਆਂ 21 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ|
ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਸੰਭਾਵਿਤ ਚੱਕਰਵਾਤ ਦੀਆਂ ਤਿਆਰੀਆਂ ਨੂੰ ਲੈ ਕੇ ਅਮਿਤ ਸ਼ਾਹ ਨੇ ਐਨ.ਡੀ.ਐਮ.ਏ, ਆਈ.ਐਮ.ਡੀ, ਐਨ.ਡੀ.ਆਰ.ਐਫ ਅਤੇ ਭਾਰਤੀ ਸਮੁੰਦਰੀ ਰੱਖਿਅਕ ਦੇ ਅਫਸਰਾਂ ਦੇ ਨਾਲ ਮੀਟਿੰਗ ਕੀਤੀ| ਚੱਕਰਵਾਤੀ ਨਿਸਰਗ ਦੇ ਮੱਦੇਨਜ਼ਰ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨਾਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਗੱਲਬਾਤ ਕੀਤੀ ਅਤੇ ਸੂਬਿਆਂ ਦੀਆਂ ਤਿਆਰੀਆਂ ਦਾ ਜ਼ਾਇਜਾ ਲਿਆ|
ਇਸ ਦੇ ਨਾਲ ਹੀ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਚੱਕਰਵਾਤੀ ਤੂਫਾਨ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ| ਮਛੇਰਿਆਂ ਨੂੰ ਸਮੁੰਦਰੀ ਕਿਨਾਰੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ| ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੰਗਾਲ ਅਤੇ ਓਡੀਸ਼ਾ ਵਿੱਚ ਚੱਕਰਵਾਤੀ ਤੂਫਾਨ ਅਮਫਾਨ ਨੇ ਤਬਾਈ ਮਚਾਈ ਸੀ|
ਭਾਰਤੀ ਮੌਸਮ ਵਿਭਾਗ ਮੁਤਾਬਕ 3 ਜੂਨ ਨੂੰ ਚੱਕਰਵਾਤੀ ਤੂਫਾਨ ਨਿਸਰਗ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਅਤੇ ਦੱਖਣੀ ਗੁਜਰਾਤ ਦੇ ਤੱਟਾਂ ਨਾਲ ਟਕਰਾ ਸਕਦਾ ਹੈ| ਅਰਬ ਸਾਗਰ ਵਿੱਚ ਬਣੇ ਘੱਟ ਦਬਾਅ ਦੇ ਖੇਤਰ ਦੇ ਕਾਰਨ ਅਗਲੇ 24 ਘੰਟਿਆਂ ਦੌਰਾਨ ਚੱਕਰਵਾਤ ਬਣ ਸਕਦਾ ਹੈ|