ਡੀਬੀਈਈ ਵੱਲੋਂ ਪ੍ਰਾਰਥੀਆਂ ਨੂੰ ਮੁਫ਼ਤ ਵਿੱਚ ਦਿੱਤੀਆਂ ਜਾ ਰਹੀਆਂ ਵੱਢਮੁੱਲੀਆਂ ਸੇਵਾਵਾਂ ਸਬੰਧੀ ਨੌਜਵਾਨਾਂ ਵਿੱਚ ਵਧੇਗੀ ਜਾਗਰੂਕਤਾ : ਏ.ਡੀ.ਸੀ. ਵਿਸ਼ੇਸ਼ ਸਾਰੰਗਲ
ਜਲੰਧਰ – ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ ਜ਼ਿਲ੍ਹਾ ਜਲੰਧਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀਬੀਈਈ) ਵੱਲੋਂ ਨੌਜਵਾਨਾਂ ਨੂੰ ਬਿਊਰੋ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਵੱਢਮੁੱਲੀਆਂ ਸੇਵਾਵਾਂ ਸਬੰਧੀ ਜਾਗਰੂਕ ਕਰਨ ਲਈ ਨਿਵੇਕਲੀ ਪਹਿਲ ਕੀਤੀ ਗਈ ਹੈ, ਜਿਸ ਤਹਿਤ ਹੁਣ ਜ਼ੋਮਾਟੋ ਅਤੇ ਸਵੀਗੀ ਕੰਪਨੀਆਂ ਰਾਹੀਂ ਜਾਗਰੂਕਤਾ ਪੈਂਫਲੈੱਟ ਲੋਕਾਂ ਦੇ ਘਰਾਂ ਵਿੱਚ ਪੁੱਜਦਾ ਕੀਤੇ ਜਾਣਗੇ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)ਵਿਸ਼ੇਸ਼ ਸਾਰੰਗਲ , ਜੋ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੀ ਹਨ, ਨੇ ਦੱਸਿਆ ਕਿ ਬਿਊਰੋ ਵੱਲੋਂ ਇਨ੍ਹਾਂ ਦੋਵਾਂ ਕੰਪਨੀਆਂ ਨਾਲ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਇਨ੍ਹਾਂ ਦੋਵੇਂ ਕੰਪਨੀਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਖਾਣਾ ਪਹੁੰਚਾਉਣ ਦਾ ਕੰਮ ਕਰਨ ਵਾਲੇ ਕਰਮਚਾਰੀਆਂ ਵੱਲੋਂ ਹਰ ਡਲਿਵਰੀ ਦੇ ਨਾਲ ਜਾਗਰੂਕਤਾ ਪੈਂਫਲੈੱਟ ਵੀ ਵੰਡੇ ਜਾਣਗੇ।ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਵਿੱਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪ੍ਰਾਰਥੀਆਂ ਨੂੰ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਢਮੁੱਲੀਆਂ ਸੇਵਾਵਾਂ ਸਬੰਧੀ ਜਾਗਰੂਕਤਾ ਵਧੇਗੀ। ਉਨ੍ਹਾਂ ਦੱਸਿਆ ਕਿ ਬਿਊਰੋ ਵਿਖੇ ਇਕ ਹੀ ਪਲੇਟਫਾਰਮ ‘ਤੇ ਪ੍ਰਾਰਥੀਆਂ ਨੂੰ ਕੈਰੀਅਰ ਕਾਊਂਸਲਿੰਗ, ਰੋਜ਼ਗਾਰ ਦੇ ਮੌਕੇ,ਵਿਦੇਸ਼ਾਂ ਵਿੱਚ ਰੋਜ਼ਗਾਰ ਜਾਂ ਪੜ੍ਹਾਈ ਦੇ ਅਵਸਰ,ਸਵੈ ਰੋਜ਼ਗਾਰ ਵਿੱਚ ਮਾਲੀ ਸਹਾਇਤਾ, ਹੁਨਰ ਵਿਕਾਸ ਹਿੱਤ ਸਿਖਲਾਈ, ਸਰਕਾਰੀ ਨੌਕਰੀਆਂ ਲਈ ਇਮਤਿਹਾਨ ਵਿੱਚ ਅਪੀਅਰ ਹੋਣ ਲਈ ਢੁੱਕਵੀਂ ਤਿਆਰੀ ਅਤੇ ਇੰਟਰਨੈੱਸ ਸਰਵਿਸ ਆਦਿ ਵਰਗੀਆਂ ਸੇਵਾਵਾਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਵੱਲੋਂ ਡੀਬੀਈਈ ਸਬੰਧੀ ਨੌਜਵਾਨਾਂ ਵਿੱਚ ਜਾਗਰੂਕਤਾ ਵਧਾਉਣ ਲਈ ਸੁਝਾਅ ਮੰਗ ਗਏ ਹਨ, ਜਿਸ ਵਿੱਚ ਉਨ੍ਹਾਂ ਵੱਲੋਂ ਜ਼ੋਮਾਟੋ ਅਤੇ ਸਵੀਗੀ ਰਾਹੀਂ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਤਜਵੀਜ਼ ਭੇਜੀ ਗਈ ਸੀ, ਜਿਸ ‘ਤੇ ਮੋਹਰ ਲਾਉਂਦਿਆਂ ਇਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾ ਸਕੇ, ਜਿਸ ਨਾਲ ਨੌਜਵਾਨਾਂ ਨੂੰ ਸਵੈ-ਨਿਰਭਰ ਬਣਾਉਣ ਵਿੱਚ ਸਹਾਇਤਾ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਬਿਊਰੋ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ 1 ਜਨਵਰੀ 2020 ਤੋਂ 1 ਦਸੰਬਰ 2020 ਤੱਕ 115 ਪਲੇਸਮੈਂਟ ਕੈਂਪ ਲਗਾਏ ਗਏ, ਜਿਨ੍ਹਾਂ ਵਿੱਚ 30,950 ਬੇਰੋਜ਼ਗਾਰ ਨੌਜਵਾਨਾਂ ਨੂੰ ਮਨਚਾਹੀਆਂ ਨੌਕਰੀਆਂ ਦਿਵਾਉਣ ਵਿੱਚ ਸਫ਼ਲਤਾ ਹਾਸਲ ਕੀਤੀ। ਇਸੇ ਤਰ੍ਹਾਂ ਸਤੰਬਰ-2020 ਵਿੱਚ ਲਗਾਏ ਗਏ ਛੇਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਦੌਰਾਨ ਬਿਊਰੋ ਵੱਲੋਂ ਕੁੱਲ 8112 ਨੌਜਵਾਨਾਂ ਦੀ ਪਲੇਸਮੈਂਟ ਕਰਵਾ ਕੇ ਸਮੁੱਚੇ ਪੰਜਾਬ ਵਿੱਚ ਵੱਧ ਪਲੇਟਮੈਂਟ ਕਰਵਾਉਣ ਵਿੱਚ ਤੀਜਾ ਸਥਾਨ ਹਾਸਲ ਕੀਤਾ ਗਿਆ।ਸਾਰੰਗਲ ਨੇ ਅੱਗੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਕੁੱਲ 1197 ਨੌਜਵਾਨਾਂ ਨੂੰ ਵੱਖ-ਵੱਖ ਹੁਨਰਾਂ ਦੀ ਸਿਖਲਾਈ ਦਿੰਦੇ ਹੋਏ ਨਿਪੁੰਨ ਬਣਾਇਆ ਗਿਆ, ਜਿਨ੍ਹਾਂ ਵਿੱਚੋਂ 723 ਨੌਜਵਾਨਾਂ ਨੂੰ ਉਨ੍ਹਾਂ ਦੇ ਹੁਨਰ ਦੇ ਆਧਾਰ ‘ਤੇ ਵੱਖ-ਵੱਖ ਕੰਪਨੀਆਂ/ਉਦਯੋਗਾਂ ਵਿੱਚ ਨੌਕਰੀਆਂ ਦਿਵਾਈਆਂ ਗਈਆਂ।ਉਨ੍ਹਾਂ ਦੱਸਿਆ ਕਿ ਬਿਊਰੋ ਵੱਲੋਂ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਹਿੱਤ ਉਤਸ਼ਾਹਿਤ ਲਈ ਵੀ ਸਮੇਂ-ਸਮੇਂ ‘ਤੇ ਜਾਗਰੂਕ ਕੀਤਾ ਜਾਂਦਾ ਹੈ, ਜਿਸ ਸਬੰਧੀ ਦਸੰਬਰ 2020 ਦੌਰਾਨ ਵਿਸ਼ੇਸ਼ ਸਵੈ-ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਸਦਕਾ ਸਾਲ 2020 ਕੁੱਲ 22,822 ਨੌਜਵਾਨਾਂ ਨੂੰ ਸਰਕਾਰ ਦੀਆਂ ਵੱਖ-ਵੱਖ ਕਰਜ਼ਾ ਸਕੀਮਾਂ ਅਧੀਨ ਕਰਜ਼ੇ ਦਿਵਾਏ ਗਏ।ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਨਿਵੇਕਲੀ ਪਹਿਲ ਰਾਹੀਂ ਨੌਜਵਾਨਾਂ ਨੂੰ ਡੀਬੀਈਈ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਸਬੰਧੀ ਜਾਗਰੂਕ ਕਰਨ ਵਿੱਚ ਸਫ਼ਲਤਾ ਮਿਲੇਗੀ। ਉਨ੍ਹਾਂ ਨੌਜਵਾਨਾਂ ਨੂੰ ਵਧੇਰੇ ਨੌਕਰੀਆਂ ਲਈ www.pgrkam.com ‘ਤੇ ਰਜਿਸਟਰੇਸ਼ਨ ਕਰਨ ਦੀ ਵੀ ਅਪੀਲ ਕੀਤੀ।