ਅੰਮ੍ਰਿਤਸਰ – ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਮੌਕੇ ਗੋਧਰਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ ਸਬੰਧੀ ਗਠਤ ਕੀਤੀਆਂ ਵੱਖ-ਵੱਖ ਸਬ-ਕਮੇਟੀਆਂ ਨਾਲ ਇਕੱਤਰਤਾ ਕੀਤੀ ਅਤੇ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ। ਇਸ ਮਗਰੋਂ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ 100 ਸਾਲ ਪਹਿਲਾਂ ਵਾਪਰੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਪੰਥਕ ਰਵਾਇਤਾਂ ਅਨੁਸਾਰ ਮਨਾਈ ਜਾਵੇਗੀ। ਇਸ ਸਬੰਧੀ ਮੁੱਖ ਸਮਾਗਮ 19 ਤੋਂ 21 ਫ਼ਰਵਰੀ ਤੱਕ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗੋਧਰਪੁਰ ਵਿਖੇ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦੌਰਾਨ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ, ਜਦਕਿ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਜਥੇ ਸੰਗਤਾਂ ਨਾਲ ਗੁਰਬਾਣੀ ਕੀਰਤਨ ਤੇ ਗੁਰ-ਇਤਿਹਾਸ ਦੀ ਸਾਂਝ ਪਾਉਣਗੇ। 21 ਫ਼ਰਵਰੀ ਦੇ ਮੁੱਖ ਸਮਾਗਮ ਸਿੰਘ ਸਾਹਿਬਾਨ ਵੱਲੋਂ ਸੰਗਤ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ ਅਤੇ ਇਸ ਤੋਂ ਪਹਿਲਾਂ 19 ਅਤੇ 20 ਫ਼ਰਵਰੀ ਦੇ ਸਮਾਗਮ ਵੀ ਯਾਦਗਾਰੀ ਹੋਣਗੇ।