ਸਰੀ, 2 ਜੂਨ 2020-ਕੈਮਲੂਪਸ ਦੇ ਰਿਹਾਇਸ਼ੀ ਇਲਾਕੇ ਵਿਚ 17 ਮਈ ਨੂੰ ਹਾਦਸੇ ਦਾ ਸ਼ਿਕਾਰ ਹੋਏ ਸਨੋਅਬਰਡ ਜੈੱਟ ਬਾਰੇ ਚੱਲ ਰਹੀ ਜਾਂਚ ਪੜਤਾਲ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਇਕ ਪੰਛੀ ਦੇ ਜਹਾਜ਼ ਨਾਲ ਟਕਰਾਉਣ ਕਾਰਨ ਵਾਪਰਿਆ। ਇਹ ਪ੍ਰਗਟਾਵਾ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੀ ਏਅਰਵਰਦੀਨੈੱਸ ਇਨਵੈਸਟੀਗੇਟਿਵ ਅਥਾਰਟੀ ਨੇ ਅੱਜ ਇਕ ਬਿਆਨ ਰਾਹੀਂ ਕੀਤਾ ਹੈ। ਵਰਨਣਯੋਗ ਹੈ ਕਿ ਇਸ ਹਾਦਸੇ ਵਿਚ ਸਨੋਅਬਰਡਜ਼ ਟੀਮ ਦੇ ਇੱਕ ਮੈਂਬਰ ਦੀ ਮੌਤ ਹੋ ਗਈ ਸੀ ਤੇ ਇੱਕ ਹੋਰ ਜ਼ਖ਼ਮੀ ਹੋ ਗਿਆ ਸੀ।
ਨੈਸ਼ਨਲ ਡਿਫੈਂਸ ਨੇ ਦੱਸਿਆ ਹੈ ਕਿ ਹਾਦਸੇ ਦੀ ਜਾਂਚ ਦੌਰਾਨ ਹਾਸਲ ਹੋਈ ਇੱਕ ਵੀਡੀਓ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਜਦੋਂ ਇਹ ਜਹਾਜ਼ ਟੇਕ ਆਫ ਲੈ ਰਿਹਾ ਸੀ ਤਾਂ ਇਕ ਪੰਛੀ ਉਸ ਸਮੇਂ ਸੱਜੇ ਇੰਜਣ ਨਾਲ ਟਕਰਾ ਗਿਆ ਅਤੇ ਇਹ ਹਾਦਸਾ ਵਾਪਰ ਗਿਆ। ਇਸ 114 ਟਿਊਟਰ ਏਅਰਕ੍ਰਾਫਟ ਵਿਚ ਦੋ ਪਾਇਲਟ ਸਵਾਰ ਸਨ। ਹਾਦਸੇ ਵਿੱਚ ਸਨੋਅਬਰਡਜ਼ ਦੀ ਪਬਲਿਕ ਅਫੇਅਰਜ਼ ਅਫਸਰ 35 ਸਾਲਾ ਕੈਪਟਨ ਜੈਨੀਫਰ ਕੇਸੀ ਦੀ ਮੌਤ ਹੋ ਗਈ ਸੀ ਅਤੇ ਦੂਜਾ ਪਾਇਲਟ 38 ਸਾਲਾ ਪਾਇਲਟ ਕੈਪਟਨ ਰਿਚਰਡ ਮੈਕਡਗਲ ਜ਼ਖ਼ਮੀ ਹੋ ਗਿਆ ਸੀ।