ਬਠਿੰਡਾ, 01 ਜੂਨ 2020: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਦੀਆਂ ਅਨਾੜੀ ਆਰਥਿਕ ਨੀਤੀਆਂ ਕਾਰਨ ਹੀ ਦੇਸ਼ ਅੱਜ ਵੱਡੇ ਮੰਦਵਾੜੇ ਦੇ ਮੁਹਾਨੇ ਤੇ ਪੁੱਜ ਗਿਆ ਹੈ ਜਦ ਕਿ ਕਮਜੋਰ ਵਿਦੇਸ਼ ਨੀਤੀ ਕਾਰਨ ਦੇਸ਼ ਦੀ ਕੌਮਾਂਤਰੀ ਮੰਚ ਤੇ ਸ਼ਾਖ਼ ਨੂੰ ਵੱਟਾ ਲੱਗਿਆ ਹੈ। ਅੱਜ ਲਗਾਤਾਰ ਤੀਜੇ ਦਿਨ ਬਠਿੰਡਾ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਆਂ ਸੁਣਨ ਲਈ ਬਜਾਰਾਂ ਦੇ ਦੌਰੇ ਤੇ ਨਿਕਲੇ ਵਿੱਤ ਮੰਤਰੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਨੋਟਬੰਦੀ ਲਾਗੂ ਕਰਨ ਤੋਂ ਲੈ ਕੇ ਐਨਡੀਏ ਸਰਕਾਰ ਦੇ ਆਰਥਿਕ ਮੁਹਾਜ ਤੇ ਲਏ ਗਏ ਸਾਰੇ ਹੀ ਫੈਸਲੇ ਵਪਾਰ ਅਤੇ ਉਦਯੋਗ ਵਿਰੋਧੀ ਰਹੇ ਹਨ ਅਤੇ ਇਸ ਦਾ ਮਾੜਾ ਅਸਰ ਦੇਸ਼ ਦੇ ਪੂਰੇ ਅਵਾਮ ਤੇ ਪਿਆ ਹੈ। ਉਨਾਂ ਨੇ ਕਿਹਾ ਕਿ ਅੱਜ ਲੋਕ ਸਾਬਕਾ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਦੇ ਕਾਰਜਕਾਲ ਨੂੰ ਯਾਦ ਕਰ ਰਹੇ ਹਨ ਜਿੰਨਾਂ ਨੇ 2009 10 ਵਿਚ ਕੌਮਾਂਤਰੀ ਮੰਦੀ ਦੇ ਬਾਵਜੂਦ ਬਿਹਤਰ ਆਰਥਿਕ ਪ੍ਰਬੰਧਨ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਡੋਲਣ ਨਹੀਂ ਦਿੱਤਾ ਸੀ।
ਖਜਾਨਾਂ ਮੰਤਰੀ ਨੇ ਐਨਡੀਏ ਸਰਕਾਰ ਦੇ ਦੂਜੇ ਕਾਰਜਕਾਲ ਦੇ ਇਕ ਸਾਲ ਪੂਰਾ ਹੋਣ ਤੇ ਟਿੱਪਣੀ ਕਰਦਿਆਂ ਕਿਹਾ ਕਿ ਨਾ ਸਿਰਫ ਆਰਥਿਕ ਮੁਹਾਜ ਤੇ ਸਗੋਂ ਵਿਦੇਸ਼ ਨੀਤੀ ਦੇ ਪੱਧਰ ਤੇ ਵੀ ਦੇਸ਼ ਦੇ ਹਿੱਤਾਂ ਦੀ ਕੌਮਾਂਤਰੀ ਪੱਧਰ ਤੇ ਰਾਖੀ ਕਰਨ ਵਿਚ ਮੋਦੀ ਸਰਕਾਰ ਨਾਕਾਮ ਰਹੀ ਹੈ। ਉਨਾਂ ਨੇ ਕਿਹਾ ਕਿ ਅੱਜ ਨੇਪਾਲ ਵਰਗੇ ਪੁਰਾਣੇ ਭਾਈਵਾਲ ਮੁਲਕ ਵੀ ਭਾਰਤ ਨੂੰ ਅੱਖਾਂ ਵਿਖਾ ਰਹੇ ਹਨ ਇਹ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ਦੀ ਨਕਾਮੀ ਦਾ ਪ੍ਰਮਾਣ ਹੀ ਹੈ। ਸ: ਬਾਦਲ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਦਿੱਤੀ ਜਾਂਦੀ ਮੁਫ਼ਤ ਬਿਜਲੀ ਰੋਕਣ ਲਈ ਉਨਾਂ ਨੇ ਨਾ ਤਾਂ ਹੁਣ ਅਤੇ ਨਾ ਹੀ ਕਦੇ ਪਹਿਲਾਂ ਕੋਈ ਮਤਾ ਲਿਆਂਦਾ ਸੀ। ਉਨਾਂ ਨੇ ਦੁਹਰਾਇਆ ਕਿ ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਦੀ ਤਰਜ ਤੇ ਮੁਫ਼ਤ ਬਿਜਲੀ ਦੀ ਸਹੁਲਤ ਮਿਲਦੀ ਰਹੇਗੀ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਤੇ ਸੂਬੇ ਦੇ ਲੋਕਾਂ ਨੇ 2017 ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਵਿਚ ਮੋਹਰ ਲਗਾ ਕੇ ਸਰਕਾਰ ਵਿਚ ਵਿਸ਼ਵਾਸ ਪ੍ਰਗਟਾਇਆ ਹੈ।
ਇਸ ਦੌਰਾਨ ਹਸਪਤਾਲ ਬਜਾਰ, ਸਿਰਕੀ ਬਜਾਰ ਆਦਿ ਵਿਚ ਦੁਕਾਨਦਾਰਾਂ ਨਾਲ ਮਿਲ ਕੇ ਵਿੱਤ ਮੰਤਰੀ ਨੇ ਲਾਕਡਾਉਨ ਕਾਰਨ ਹੋਏ ਨੁਕਸਾਨ ਸਬੰਧੀ ਉਨਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਉਨਾਂ ਤੋਂ ਪ੍ਰਾਪਤ ਸੁਝਾਵਾਂ ਅਨੁਸਾਰ ਸਰਕਾਰ ਆਪਣੀਆਂ ਅਗਲੇਰੀਆਂ ਨੀਤੀਆਂ ਬਣਾਏਗੀ। ਇਸ ਦੌਰਾਨ ਬਠਿੰਡਾ ਦੇ ਬਜਾਰ ਵਿਚ ਉਨਾਂ ਨੂੰ ਇਕ ਜ਼ਖਮੀ ਹੀਰਾ ਲਾਲ ਮਿਲਿਆ ਤਾਂ ਉਨਾਂ ਤੁਰੰਤ ਉਸਦੀ ਮਦਦ ਲਈ 10 ਹਜਾਰ ਰੁਪਏ ਦੀ ਮਦਦ ਕਰਦਿਆਂ ਉਸਦੇ ਇਲਾਜ ਲਈ ਉਸਨੂੰ ਸਿਵਲ ਹਸਪਤਾਲ ਭਿਜਵਾਇਆ। ਇਕ ਹੋਰ ਅਪਾਹਜ ਬਿਨੂ ਰਾਮ ਨੂੰ ਉਨਾਂ ਨੇ 5 ਹਜਾਰ ਦੀ ਮਦਦ ਦਿੱਤੀ। ਛੋਲੇ ਭਟੂਰੇ ਦੀ ਰੇਹੜੀ ਲਗਾਉਣ ਵਾਲੇ ਰਾਮ ਸਿੰਘ ਜਿਸ ਦੇ ਤਿੰਨ ਬੇਟੀਆਂ ਹਨ ਦੀਆਂ ਧੀਆਂ ਦੀ ਫੀਸ ਮਾਫ ਕਰਵਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਹੋਰ ਵੀ ਅਨੇਕਾਂ ਲੋਕਾਂ ਨੇ ਆਪਣੀਆਂ ਮੁਸਕਿਲਾਂ ਵਿੱਤ ਮੰਤਰੀ ਦੇ ਸਨਮੁੱਖ ਰੱਖੀਆਂ ਜਿਸ ਤੇ ਵਿੱਤ ਮੰਤਰੀ ਨੇ ਤੁਰੰਤ ਹੀ ਅਧਿਕਾਰੀਆਂ ਨੂੰ ਇੰਨਾਂ ਦੇ ਹੱਲ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਸ੍ਰੀ ਸ਼ਤੀਸ ਅਰੋੜਾ ਨੇ ਬਜਾਰ ਵਿਚ ਲੋੜਵੰਦਾਂ ਨੂੰ ਵੰਡਣ ਲਈ 10 ਹਜਾਰ ਮਾਸਕ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਵੀ ਵਿੱਤ ਮੰਤਰੀ ਨੇ ਕੀਤੀ। ਇਸ ਮੌਕੇ ਉਨਾਂ ਨਾਲ ਕੇਕੇ ਅਗਰਵਾਲ, ਅਰੁਣ ਵਧਾਵਨ, ਸ੍ਰੀ ਅਸੋਕ ਪ੍ਰਧਾਨ, ਰਾਜਨ ਗਰਗ ਅਤੇ ਰਾਜੂ ਭੱਠੇਵਾਲਾ ਆਦਿ ਵੀ ਹਾਜਰ ਸਨ।