ਚੇਨੱਈ – ਭਾਰਤ ਤੇ ਇੰਗਲੈਂਡ ਦਰਮਿਆਨ ਪਹਿਲੇ ਟੈਸਟ ਮੈਚ ’ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਦਿਨ ਦੀ ਖੇਡ ਖਤਮ ਹੋਣ ਤਕ ਇੰਗਲੈਂਡ ਨੇ ਤਿੰਨ ਵਿਕਟਾਂ ਦੇ ਨੁਕਸਾਨ ਨਾਲ 263 ਦੌੜਾਂ ਬਣਾ ਲਈਆਂ ਸਨ। ਇੰਗਲੈਂਡ ਦੀਆਂ ਦੋ ਵਿਕਟਾਂ ਸਿਰਫ 63 ਦੌੜਾਂ ’ਤੇ ਡਿੱਗ ਗਈਆਂ। ਆਰ. ਬਰਨਜ਼ ਨੂੰ ਅਸ਼ਵਿਨ ਨੇ 33 ਦੌੜਾਂ ’ਤੇ ਆਊਟ ਕੀਤਾ ਜਦਕਿ ਡੇਨੀਅਲ ਲਾਰੈਂਸ ਆਪਣਾ ਖਾਤਾ ਹੀ ਨਹੀਂ ਖੋਲ੍ਹ ਸਕਿਆ ਜਿਸ ਨੂੰ ਜਸਪ੍ਰੀਤ ਬੁਮਰਾਹ ਨੇ ਐਲਬੀਡਬਲਿਊ ਆਊਟ ਕੀਤਾ। ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਇੰਗਲੈਂਡ ਦੇ ਖਿਡਾਰੀਆਂ ਨੂੰ ਆਊਟ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਗੇਂਦਬਾਜ਼ਾਂ ਨੂੰ ਸਫਲਤਾ ਨਹੀਂ ਮਿਲੀ। ਡੌਮੀਨਿਕ ਸਿਬਲੇ ਦਿਨ ਦੇ ਆਖਰੀ ਓਵਰ ਵਿਚ 87 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੂੰ ਵੀ ਬੁਮਰਾਹ ਨੇ ਆਊਟ ਕੀਤਾ। ਖੇਡ ਖਤਮ ਹੋਣ ਤਕ ਕਪਤਾਨ ਜੋਅ ਰੂਟ 128 ਦੌੜਾਂ ਬਣਾ ਕੇ ਕਰੀਜ਼ ’ਤੇ ਡਟਿਆ ਹੋਇਆ ਸੀ।