ਬੰਗਲੂਰੂ – ਸਰਕਾਰ ਨੇ 83 ਤੇਜਸ ਹਲਕੇ ਲੜਾਕੂ ਜਹਾਜ਼ (ਐੱਲਸੀਏ) ਖ਼ਰੀਦਣ ਲਈ ਹਿੰਦੁਸਤਾਨ ਏਅਰੋਨਾਟਿਕਸ ਲਿਮਿਟਡ (ਐੱਚ.ਏ.ਐੱਲ.) ਨਾਲ ਅੱਜ 48 ਹਜ਼ਾਰ ਕਰੋੜ ਰੁਪਏ ਦਾ ਸੌਦਾ ਕੀਤਾ ਹੈ। ਰੱਖਿਆ ਮੰਤਰਾਲੇ ਦੀ ਖ਼ਰੀਦ ਮਾਮਲਿਆਂ ਬਾਰੇ ਡਾਇਰੈਕਟਰ ਜਨਰਲ ਵੀ.ਐੱਲ. ਕਾਂਤਾ ਰਾਓ ਨੇ ਐੱਚ.ਏ.ਐੱਲ. ਦੇ ਮੈਨੇਜਿੰਗ ਡਾਇਰੈਕਟਰ ਆਰ. ਮਾਧਵਨ ਨੂੰ ਇਹ ਕਰਾਰ ‘ਏਅਰੋ ਇੰਡੀਆ-2021’ ਉਦਘਾਟਨ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ’ਚ ਸੌਂਪਿਆ।ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ, ‘ਮੈਂ ਬਹੁਤ ਖੁਸ਼ ਹਾਂ ਕਿ ਐੱਚ.ਏ.ਐੱਲ. ਨੂੰ ਭਾਰਤੀ ਹਵਾਈ ਫ਼ੌਜ ਤੋਂ 83 ਨਵੇਂ ਸਵਦੇਸ਼ੀ ਐੱਲਸੀਏ ਤੇਜਸ ਐੱਮਕੇ-1ਏ ਬਣਾਉਣ ਦਾ ਕਰਾਰ ਮਿਲਿਆ ਹੈ, ਜਿਸ ਦੀ ਸੰਭਾਵਿਤ ਲਾਗਤ 48 ਹਜ਼ਾਰ ਕਰੋੜ ਤੋਂ ਵੱਧ ਰੁਪਏ ਹੈ।’ ਰੱਖਿਆ ਮੰਤਰੀ ਮੁਤਾਬਕ, ‘ਇਹ ਸੰਭਾਵਿਤ ਤੌਰ ’ਤੇ ਅੱਜ ਤਕ ਦਾ ਸਭ ਤੋਂ ਵੱਡਾ ‘ਮੇਕ ਇਨ ਇੰਡੀਆ’ ਰੱਖਿਆ ਕਰਾਰ ਹੈ।’ ਐੱਚ.ਏ.ਐੱਲ. ਵੱਲੋਂ ਤਿਆਰ ਤੇਜਸ ਇੱਕ ਇੰਜਣ ਵਾਲਾ ਬੇਹੱਦ ਨਿਪੁੰਨ, ਬਹੁ-ਉਦੇਸ਼ੀ ਸੁਪਰਸੋਨਿਕ ਲੜਾਕੂ ਜਹਾਜ਼ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਸੁਰੱਖਿਆ ਮਾਮਲਿਆਂ ਸਬੰਧੀ ਮੰਤਰੀ ਮੰਡਲ ਕਮੇਟੀ ਨੇ ਪਿਛਲੇ ਮਹੀਨੇ ਐੱਚ.ਏ.ਐੱਲ. ਤੋਂ 73 ਤੇਜਸ ਐੱਮਕੇ-1ਏ ਅਤੇ 10 ਐੱਲਸੀਏ ਤੇਜਸ ਐੱਮਕੇ-1 ਟਰੇਨਰ ਜਹਾਜ਼ ਖ਼ਰੀਦਣ ਨੂੰ ਹਰੀ ਝੰਡੀ ਦਿੱਤੀ ਸੀ।