ਨਵੀਂ ਦਿੱਲੀ, 17 ਅਗਸਤ 2020 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਹਟ ਜਾਣ ਬਾਰੇ ਅੱਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਖਬਰਾਂ ਬਾਰੇ ਹੁਣ ਖੁਦ ਸਿਰਸਾ ਨੇ ਆਪਣੇ ਟਵਿੱਟਰ ‘ਤੇ ਆ ਕੇ ਜਵਾਬ ਦਿੱਤਾ ਹੈ।
ਮਨਜਿੰਦਰ ਸਿਰਸਾ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਿਹਤ ਖਰਾਬ ਹੋਣ ਕਾਰਨ ਉਹ ਡਾਕਟਰਾਂ ਦੀ ਸਲਾਹ ‘ਤੇ ਘਰ ‘ਚ ਅਰਾਮ ਕਰ ਰਹੇ ਨੇ ਤੇ ਆਪਣੇ ਆਪ ਨੂੰ ਕੁਆਰੰਟੀਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਲੋਕ ਬਹੁਤ ਹੀ ਘਟੀਆਪਣ ‘ਤੇ ਉਤਰ ਆਉਂਦੇ ਨੇ ਤੇ ਇਹੋ ਜਿਹੀਆਂ ਝੂਠੀਆਂ ਖਬਰਾਂ ਫੈਲਾਉਂਦੇ ਨੇ। ਸਿਰਸਾ ਨੇ ਸਪਸ਼ਟ ਕੀਤਾ ਕਿ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਦਿੱਲੀ ਕਮੇਟੀ ਦਾ ਆਪਣਾ ਚਾਰਜ ਸੀਨੀਅਰ ਵਾਈਸ ਪ੍ਰਧਾਨ ਨੂੰ ਦਿੱਤਾ ਸੀ। ਪਰ ਕੁਝ ਲੋਕਾਂ ਦੁਆਰਾ ਸੋਸ਼ਲ ਮੀਡੀਆ ‘ਤੇ ਖ਼ਬਰਾਂ ਪੋਸਟ ਕੀਤੀਆਂ ਗਈਆਂ ਕਿ ਸਿਰਸਾ ਨੇ ਦਿੱਲੀ ਕਮੇਟੀ ਤੋਂ ਰਿਜ਼ਾਈਨ ਦੇ ਦਿੱਤਾ ਜਾਂ ਸਿਰਸਾ ਤੋਂ ਅਸਤੀਫਾ ਲੈ ਲਿਆ ਗਿਆ।ਮਨਜਿੰਰ ਸਿਰਸਾ ਨੇ ਕਿਹਾ ਕਿ ਇਹੋ ਜਿਹੀਆਂ ਖਬਰਾਂ ਬਿਲਕੁਲ ਬੇਬੁਨੀਆਦ ਹਨ ਅਤੇ ਬਹੁਤ ਜਲਦ ਉਹ ਠੀਕ ਹੋ ਕੇ ਦੁਬਾਰਾ ਕੰਮਕਾਜ ‘ਚ ਜੁਟ ਜਾਣਗੇ।