ਵਾਸ਼ਿੰਗਟਨ – ਕੋਵਿਡ-19 ਚੁਣੌਤੀ ਨਾਲ ਨਜਿੱਠਣ ਲਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਈ ਕਾਰਜਕਾਰੀ ਹੁਕਮਾਂ ਉੱਤੇ ਦਸਤਖਤ ਕੀਤੇ ਹਨ। ਇਨ੍ਹਾਂ ਵਿਚ ਵਿਦੇਸ਼ਾਂ ਤੋਂ ਅਮਰੀਕਾ ਵਿਚ ਆਉਣ ਵਾਲੇ ਲੋਕਾਂ ਲਈ ਕੋਰੋਨਾ ਵਾਇਰਸ ਜਾਂਚ ਅਤੇ ਇਕਾਂਤਵਾਸ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਬਾਈਡੇਨ ਨੇ ਹੁਕਮਾਂ ਉੱਤੇ ਦਸਤਖਤ ਕਰਨ ਮਗਰੋਂ ਵਾਈਟ ਹਾਊਸ ਵਿਖੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਮਾਸਕ ਪਾਉਣਾ ਲਾਜ਼ਮੀ ਹੋਵੇਗਾ, ਇਸ ਤੋਂ ਇਲਾਵਾ ਜਿਹੜੇ ਵੀ ਦੂਜੇ ਦੇਸ਼ਾਂ ਤੋਂ ਅਮਰੀਕਾ ਆ ਰਹੇ ਹਨ ਉਨ੍ਹਾਂ ਲੋਕਾਂ ਨੂੰ ਜਹਾਜ਼ ਉੱਤੇ ਸਵਾਰ ਹੋਣ ਤੋਂ ਪਹਿਲਾਂ ਅਮਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਾਉਣਾ ਪਵੇਗਾ ਅਤੇ ਅਮਰੀਕਾ ਆਉਣ ਉੱਤੇ ਇਕਾਂਤਵਾਸ ਵਿਚ ਰਹਿਣਾ ਪਵੇਗਾ।ਉਨ੍ਹਾਂ ਕਿਹਾ ਕਿ ਸਾਡੀ ਰਾਸ਼ਟਰੀ ਯੋਜਨਾ ਵਿਚ ਜੰਗੀ ਪੱਧਰ ਉੱਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿ ਉਤਪਾਦਨ ਵਧਾ ਕੇ ਸਪਲਾਈ ਵਿਚ ਆਈ ਕਮੀ ਨੂੰ ਦੂਰ ਕੀਤਾ ਜਾ ਸਕੇ। ਭਾਵੇਂ ਇਹ ਸਪਲਾਈ ਰੱਖਿਆਤਮਕ ਉਪਕਰਨ, ਸੀਰਿੰਜ, ਸੂਈਆਂ ਆਦਿ ਦੀ ਹੋਵੇ। ਬਾਈਡੇਨ ਮੁਤਾਬਿਕ ਜਦੋਂ ਮੈਂ ਯੁੱਧ ਕਾਲ ਕਹਿੰਦਾ ਹਾਂ ਤਾਂ ਲੋਕ ਹੈਰਾਨੀ ਨਾਲ ਦੇਖਦੇ ਹਨ। ਕੱਲ੍ਹ ਰਾਤ ਤੱਕ 4,00,000 ਅਮਰੀਕੀਆਂ ਦੀ ਜਾਨ ਚਲੀ ਗਈ ਅਤੇ ਇਹ ਦੂਜੇ ਵਿਸ਼ਵ ਯੁੱਧ ਨਾਲੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਮ੍ਰਿਤਕਾਂ ਦੀ ਗਿਣਤੀ 5,00,000 ਤੋਂ ਵੀ ਵੱਧ ਹੋਣ ਦਾ ਖਦਸ਼ਾ ਹੈ ਅਤੇ ਕੋਰੋਨਾ ਵਾਇਰਸ ਦੇ ਮਾਮਲੇ ਵੀ ਵੱਧਦੇ ਰਹਿਣਗੇ। ਉਹਨਾਂ ਕਿਹਾ ਕਿ ਅਸੀਂ ਇਸ ਸਥਿਤੀ ਨਾਲ ਰਾਤੋਂ-ਰਾਤ ਨਜਿੱਠ ਨਹੀਂ ਸਕਦੇ, ਚੀਜ਼ਾਂ ਨੂੰ ਬਦਲਣ ਵਿਚ ਕਈ ਮਹੀਨਿਆਂ ਦਾ ਸਮਾਂ ਲੱਗੇਗਾ ਪਰ ਅਸੀਂ ਇਸ ਸਥਿਤੀ ਤੋਂ ਉਭਰ ਜਾਵਾਂਗੇ। ਅਸੀਂ ਇਸ ਮਹਾਂਮਾਰੀ ਨੂੰ ਹਰਾ ਦੇਵਾਂਗੇ ਅਤੇ ਕਾਰਵਾਈ ਦਾ ਇੰਤਜ਼ਾਰ ਕਰ ਰਹੇ ਰਾਸ਼ਟਰ ਨੂੰ ਮੈਂ ਸਾਫ ਕਹਿ ਦੇਣਾ ਚਾਹੁੰਦਾ ਹਾਂ ਕਿ ਇਸ ਦਿਸ਼ਾ ਵਿਚ ਮਦਦ ਵੱਧ ਰਹੀ ਹੈ।ਕੋਵਿਡ-19 ਉੱਤੇ ਰਾਸ਼ਟਰੀ ਰਣਨੀਤੀ ਅਤੇ ਮਹਾਂਮਾਰੀ ਨੂੰ ਹਰਾਉਣ ਲਈ ਕਾਰਜਕਾਰੀ ਕਦਮਾਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਬਾਈਡੇਨ ਨੇ ਕਿਹਾ ਕਿ ਇਹ ਯੋਜਨਾ ਉਨ੍ਹਾਂ ਵਿਚਾਰਾਂ ਨੂੰ ਪਾਬੰਦੀਸ਼ੁਦਾ ਕਰਦੀ ਹੈ ਜੋ ਉਨ੍ਹਾਂ ਨੇ ਪ੍ਰਚਾਰ ਮੁਹਿੰਮ ਦੌਰਾਨ ਸਾਹਮਣੇ ਰੱਖੇ ਸਨ ਅਤੇ ਬੀਤੇ ਤਿੰਨ ਮਹੀਨਿਆਂ ਵਿੱਚ ਇਨ੍ਹਾਂ ਵਿੱਚ ਹੋਰ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰਣਨੀਤੀ ਵਿਆਪਕ ਅਤੇ ਵਿਸਤ੍ਰਿਤ ਹੈ ਅਤੇ ਇਹ ਰਾਜਨੀਤੀ ਅਤੇ ਇਨਕਾਰ ਉੱਤੇ ਨਹੀਂ ਸਗੋਂ ਵਿਗਿਆਨ ਅਤੇ ਸਚਾਈ ਉੱਤੇ ਆਧਾਰਿਤ ਹੈ।ਉਹਨਾਂ ਕਿਹਾ ਕਿ ਯੋਜਨਾ ਦੀ ਸ਼ੁਰੂਆਤ ਵਿਚ ਸੁਰੱਖਿਅਤ ਅਤੇ ਪ੍ਰਭਾਵੀ ਟੀਕਾਕਰਨ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਹੈ ਅਤੇ ਪ੍ਰਸ਼ਾਸਨ ਦੇ ਪਹਿਲੇ 100 ਦਿਨ ਵਿਚ 10 ਕਰੋੜ ਲੋਕਾਂ ਦੇ ਟੀਕਾਕਰਨ ਦਾ ਟੀਚਾ ਹਾਸਲ ਕਰਨਾ ਹੈ। ਬਾਈਡੇਨ ਨੇ ਇਕ ਹੋਰ ਹੁਕਮ ਉੱਤੇ ਵੀ ਦਸਤਖਤ ਕੀਤੇ ਹਨ, ਜਿਸ ਵਿੱਚ ਰੱਖਿਆ ਉਤਪਾਦਨ ਐਕਟ ਅਤੇ ਹੋਰ ਉਪਲੱਬਧ ਅਧਿਕਾਰੀਆਂ ਦੀ ਵਰਤੋਂ ਕਰਦਿਆਂ ਸਾਰੀਆਂ ਸੰਘੀ ਏਜੰਸੀਆਂ ਅਤੇ ਨਿੱਜੀ ਉਦਯੋਗਾਂ ਨੂੰ ਇਹ ਨਿਰਦੇਸ਼ ਦਿੱਤਾ ਜਾਵੇਗਾ ਕਿ ਉਹ ਸੁਰੱਖਿਆ, ਜਾਂਚ ਅਤੇ ਟੀਕਾਕਰਨ ਲਈ ਜੋ ਕੁੱਝ ਵੀ ਜ਼ਰੂਰੀ ਹੈ ਉਸਦੇ ਉਤਪਾਦਨ ਨੂੰ ਵਧਾਉਣ।