ਕੈਲੀਫੋਰਨੀਆਂ – ਅਮਰੀਕਾ ਦੇ ਸੰਗੀਤ ਜਗਤ ਦੀ ਇੱਕ ਮਸ਼ਹੂਰ ਹਸਤੀ ਫਿਲ ਸਪੈਕਟਰ ਦੀ 81 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਫਿਲ ਸਪੈਕਟਰ ਇੱਕ ਉੱਤਮ ਦਰਜੇ ਦੇ ਸੰਗੀਤ ਨਿਰਮਾਤਾ ਸਨ ਜਿਹਨਾਂ ਨੇ 1960 ਦੇ ਦਹਾਕੇ ਵਿੱਚ ਆਪਣੀ “ਵਾਲ ਆਫ਼ ਸਾਉਂਡ” ਦੀ ਪੇਸ਼ਕਸ਼ ਨਾਲ ਸੰਗੀਤ ਉਦਯੋਗ ਨੂੰ ਬਦਲ ਦਿੱਤਾ ਸੀ। ਇਸਦੇ ਨਾਲ ਹੀ ਸਪੈਕਟਰ ਨੇ ਇੱਕ ਕਤਲ ਦੇ ਦੋਸ਼ ਵਿੱਚ ਆਪਣੀ ਉਮਰ ਦੇ ਆਖਰੀ ਸਾਲ ਜੇਲ੍ਹ ਵਿੱਚ ਬਿਤਾਏ ਜਿੱਥੇ ਸ਼ਨੀਵਾਰ ਨੂੰ ਉਸਦੀ ਮੌਤ ਹੋ ਗਈ।ਸਪੈਕਟਰ ਨੂੰ ਤਕਰੀਬਨ ਇੱਕ ਮਹੀਨਾ ਪਹਿਲਾਂ ਸਟਾਕਟਨ ਵਿੱਚ ਕੈਲੀਫੋਰਨੀਆਂ ਹੈਲਥ ਕੇਅਰ ਜੇਲ੍ਹ ਸੈੱਲ “ਚ ਕੋਰੋਨਾ ਨਾਲ ਪੀੜਤ ਹੋਣ ਦੇ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰੰਤੂ ਉਸ ਨੂੰ ਜੇਲ ਵਿੱਚ ਵਾਪਸ ਦਿੱਤਾ ਗਿਆ ਸੀ। ਇਸਦੇ ਬਾਅਦ ਦੁਆਰਾ ਫਿਰ ਬਿਮਾਰ ਹੋਣ ’ਤੇ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਕੈਲੀਫੋਰਨੀਆਂ ਦੇ ਸੁਧਾਰ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ, ਪਰ ਜੇਲ੍ਹ ਅਧਿਕਾਰੀਆਂ ਅਨੁਸਾਰ ਉਸ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਕਰਨ ਲਈ ਡਾਕਟਰੀ ਜਾਂਚ ਕੀਤੀ ਜਾਵੇਗੀ।ਅਮਰੀਕਾ ਦੇ ਬ੍ਰੌਨਕਸ ਵਾਸੀ ਫਿਲ ਸਪੈਕਟਰ ਨੂੰ 2009 ਵਿੱਚ ਅਭਿਨੇਤਰੀ ਲਾਨਾ ਕਲਾਰਕਸਨ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਇਸ ਦੋਸ਼ ਲਈ ਸਪੈਕਟਰ ਨੂੰ 19 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸੰਗੀਤ ਦੇ ਨਿਰਮਾਣ ਲਈ ਉਸਦਾ ਨਿੱਜੀ ਫਾਰਮੂਲਾ “ਸਪੈਕਟਰਜ਼ ਵਾਲ ਆਫ਼ ਸਾਉਂਡ” ਨੇ ਫਿਲ ਨੂੰ ਸੰਗੀਤ ਦੇ ਇਤਿਹਾਸ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿੱਚੋਂ ਇੱਕ ਬਣਾਇਆ ਸੀ।