ਕੈਲੀਫੋਰਨੀਆ – ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਇਸਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਇਸ ਸੰਬੰਧੀ ਨੈਸ਼ਨਲ ਗਾਰਡ ਬਿਊਰੋ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਰੋਹ ਦੀ ਸੁਰੱਖਿਆ ਦੇ ਮੰਤਵ ਨਾਲ 25,000 ਨੈਸ਼ਨਲ ਗਾਰਡ ਮੈਂਬਰਾਂ ਨੂੰ ਅਧਿਕਾਰਤ ਕੀਤਾ ਹੈ ਅਤੇ ਸਮਾਰੋਹ ਲਈ ਖੇਤਰ ਦੇ ਹਰ ਰਾਜ, ਪ੍ਰਦੇਸ਼ ਅਤੇ ਜ਼ਿਲ੍ਹਾ ਵਿੱਚ ਰਾਸ਼ਟਰੀ ਗਾਰਡ ਸੈਨਿਕ ਬਲ ਆਪਣੀਆਂ ਸੁਰੱਖਿਆ ਸੇਵਾਵਾਂ ਦੇਣਗੇ।ਵੀਰਵਾਰ ਤੱਕ, ਵਾਸ਼ਿੰਗਟਨ ਵਿੱਚ ਇੱਕ ਦਰਜਨ ਤੋਂ ਵੱਧ ਰਾਜਾਂ ਅਤੇ ਡੀ. ਸੀ ਨੈਸ਼ਨਲ ਗਾਰਡ ਤੋਂ 7,000 ਗਾਰਡ ਮੈਂਬਰ ਤਾਇਨਾਤ ਸਨ ਅਤੇ ਇਹ ਗਿਣਤੀ ਅਗਲੇ ਕੁੱਝ ਦਿਨਾਂ ਤੱਕ ਤਿੰਨ ਗੁਣਾ ਜ਼ਿਆਦਾ ਹੋ ਜਾਵੇਗੀ। ਪਿਛਲੇ ਹਫਤੇ ਯੂ ਐਸ ਕੈਪੀਟਲ ਵਿੱਚ ਹੋਈ ਜਾਨਲੇਵਾ ਬਗਾਵਤ ਤੋਂ ਬਾਅਦ ਇਸ ਸਮਾਗਮ ਲਈ ਵੀ ਖਤਰਾ ਪੈਦਾ ਹੋ ਗਿਆ ਹੈ , ਅਤੇ ਐਫ ਬੀ ਆਈ ਨੂੰ ਮਿਲੀ ਜਾਣਕਾਰੀ ਅਨੁਸਾਰ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਦੇ ਦਿਨਾਂ ਵਿੱਚ ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ ਅਤੇ ਤਕਰੀਬਨ 50 ਰਾਜਾਂ ਦੀਆਂ ਰਾਜਧਾਨੀਆਂ ਵਿੱਚ ਹਥਿਆਰਬੰਦ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਜਾ ਰਹੀ ਹੈ।ਇਸ ਲਈ ਰੱਖਿਆ ਵਿਭਾਗ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਨੈਸ਼ਨਲ ਗਾਰਡ ਦੇ ਮੈਂਬਰ ਹਥਿਆਰਬੰਦ ਹੋਣਗੇ ਅਤੇ ਉਹ ਉਦਘਾਟਨ ਦਿਵਸ ਲਈ ਵਾਸ਼ਿੰਗਟਨ ਡੀ.ਸੀ. ਵਿੱਚ ਸੁਰੱਖਿਆ ਪ੍ਰਦਾਨ ਕਰਨਗੇ। ਇਸਦੇ ਇਲਾਵਾ ਅਮਰੀਕੀ ਸੀਕ੍ਰੇਟ ਸਰਵਿਸ, ਜੋ ਕੇਂਦਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਪੈਂਟਾਗਨ ਦੇ ਤਾਲਮੇਲ ਨਾਲ ਕੰਮ ਕਰਨ ਦੇ ਨਾਲ ਸਮੁੱਚੇ ਸੁਰੱਖਿਆ ਯਤਨਾਂ ਦੀ ਅਗਵਾਈ ਕਰ ਰਹੀ ਹੈ, ਨੇ ਬੁੱਧਵਾਰ ਨੂੰ ਬਾਈਡੇਨ ਦੇ ਸਮਾਰੋਹ ਲਈ ਅਧਿਕਾਰਤ ਤੌਰ ਤੇ ਸੁਰੱਖਿਆ ਦਾ ਚਾਰਜ ਸੰਭਾਲ ਕੇ ਸੁਰੱਖਿਆ ਪ੍ਰਬੰਧ ਦੇ ਜਾਇਜੇ ਦਾ ਕੰਮ ਸ਼ੁਰੂ ਕਰ ਦਿੱਤਾ ਹੈ।